ਅਣਅਧਿਕਾਰਤ ਗੰਨਮੈਨ ਰੱਖਣ ਦਾ ਡਿਪਟੀ CM ਰੰਧਾਵਾ ਨੇ ਲਿਆ ਸਖ਼ਤ ਨੋਟਿਸ
ਪੁਲਿਸ ਅਧਿਕਾਰੀਆਂ ਨੂੰ ਦਿਤੇ ਹੁਕਮ - 'ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ'
ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਹੋਵੇਗੀ ਅਨੁਸ਼ਾਸਨੀ ਕਾਰਵਾਈ
ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਅੱਜ ਉੱਚ ਪੱਧਰੀ ਮੀਟਿੰਗ ਹੋਈ। ਇਸ ਦੌਰਾਨ ਰੰਧਾਵਾ ਨੇ ਸੂਬੇ ਦੀਆਂ ਪੁਲਿਸ ਬਟਾਲੀਅਨਾਂ ਅਤੇ ਥਾਣਿਆਂ ਵਿਚ ਡਿਊਟੀ 'ਤੇ ਅਣਅਧਿਕਾਰਤ ਗੰਨਮੈਨ ਲਗਾਏ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਸਾਰੇ ਜ਼ੋਨਾਂ ਦੇ ਆਈ.ਜੀ./ਡੀ.ਆਈ.ਜੀਜ਼ ਦਾ ਨਿੱਜੀ ਤੌਰ 'ਤੇ ਆਡਿਟ ਕਰਕੇ 25 ਨਵੰਬਰ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ।
ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਕੋਈ ਵੀ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਨਿਗਰਾਨ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਜਾਵੇਗਾ। ਰੰਧਾਵਾ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਪੁਲਿਸ ਬਟਾਲੀਅਨਾਂ ਅਤੇ ਥਾਣਿਆਂ ਵਿਚ ਨਿਹੱਥੇ ਗੰਨਮੈਨਾਂ ਦੀ ਡਿਊਟੀ ਲਗਾਈ ਜਾ ਰਹੀ ਹੈ, ਜੋ ਕਿ ਬਹੁਤ ਹੀ ਗੰਭੀਰ ਮਾਮਲਾ ਹੈ |
ਇਸੇ ਤਰ੍ਹਾਂ ਪੁਲੀਸ ਅਧਿਕਾਰੀ ਤੇ ਕਰਮਚਾਰੀ ਬਿਨਾਂ ਇਜਾਜ਼ਤ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਚਲੇ ਜਾਂਦੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਇੱਕ ਅਨੁਸ਼ਾਸਿਤ ਫੋਰਸ ਹੈ ਅਤੇ ਅਜਿਹੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਬਾਰਡਰ ਏਰੀਏ ਦੀ ਜ਼ੋਨ ਵਾਈਸ ਮੀਟਿੰਗ ਹੋਈ ਹੈ ਜਿਸ ਪਠਾਨਕੋਟ ਵਿਚ ਹੋਏ ਬੰਬ ਧਮਾਕੇ ਅਤੇ ਹੋਰ ਮੁੱਦੇ ਵਿਚਾਰੇ ਗਏ ਹਨ।