ਰਾਜਾ ਵੜਿੰਗ ਨੂੰ ਬਾਦਲਾਂ ਦੀਆਂ ਬੱਸਾਂ ਦੇ ਰੱਦ ਕੀਤੇ ਪਰਮਿਟ ਮੁੜ ਜਾਰੀ ਕਰਨ ਦੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਮੰਤਰੀ ਵਲੋਂ ਲਾਇਸੈਂਸ ਰੱਦ ਕਰਨ ਨੂੰ ਦੱਸਿਆ 'ਬਦਲੇ ਦੀ ਕਾਰਵਾਈ' 

Pb & Hry High Court

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦਿਤਾ ਹੈ। ਹਾਈ ਕੋਰਟ ਨੇ ਬਾਦਲ ਪਰਿਵਾਰ ਨਾਲ ਸਬੰਧਤ ਔਰਬਿਟ ਬੱਸਾਂ ਨੂੰ ਜ਼ਬਤ ਕਰਨ ਅਤੇ ਮੰਤਰੀ ਵਲੋਂ ਲਾਇਸੈਂਸ ਰੱਦ ਕਰਨ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਰੱਦ ਕਰ ਦਿਤਾ ਹੈ। 

ਇਸ ਦੇ ਨਾਲ ਹੀ ਔਰਬਿਟ ਬੱਸ ਕੰਪਨੀ ਦੀਆਂ ਸਾਰੀਆਂ ਬੱਸਾਂ ਨੂੰ ਜਾਰੀ ਕਰਨ, ਪਰਮਿਟ ਮੁੜ ਜਾਰੀ ਕਰਨ ਅਤੇ ਜਿਨ੍ਹਾਂ ਰੂਟਾਂ 'ਤੇ ਬੱਸਾਂ ਚੱਲ ਰਹੀਆਂ ਸਨ, ਉਨ੍ਹਾਂ 'ਤੇ ਮੁੜ ਚਲਾਉਣ ਦੇ ਹੁਕਮ ਦਿਤੇ ਗਏ ਹਨ।  ਬਚਾਅ ਪੱਖ ਦੇ ਵਕੀਲ ਪੁਨੀਤ ਬਾਲੀ ਅਨੁਸਾਰ ਇਹ ਕਾਰਵਾਈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਟੈਕਸ ਜਮ੍ਹਾ ਕਰਵਾਉਣ ਵਿੱਚ ਦੇਰੀ ਦੇ ਮੁੱਦੇ ’ਤੇ ਕੀਤੀ ਗਈ ਹੈ। 

ਔਰਬਿਟ ਕੰਪਨੀ ਦੀ ਅਪੀਲ 'ਤੇ ਟੈਕਸ ਕਿਸ਼ਤਾਂ 'ਚ ਜਮ੍ਹਾ ਕਰਵਾਉਣ ਦੀ ਮਨਜ਼ੂਰੀ ਦਿਤੀ ਗਈ ਅਤੇ ਸਮੇਂ ਸਿਰ ਇਕ ਕਿਸ਼ਤ ਵੀ ਜਮ੍ਹਾ ਕਰਵਾ ਦਿਤੀ ਗਈ। ਇਸ ਦੇ ਨਾਲ ਹੀ ਬਾਕੀ ਦਾ ਟੈਕਸ ਜਮ੍ਹਾ ਕਰਵਾਉਣ ਲਈ ਦਫ਼ਤਰ ਵੀ ਪਹੁੰਚੇ ਪਰ ਸਰਵਰ ਡਾਊਨ ਹੋਣ ਕਾਰਨ ਅਜਿਹਾ ਨਾ ਹੋ ਸਕਿਆ ਅਤੇ ਟਰਾਂਸਪੋਰਟ ਮੰਤਰੀ ਨੇ ਇਹ ਕਾਰਵਾਈ ਕੀਤੀ।