ਮੋਦੀ ਤੇ ਕੇਜਰੀਵਾਲ ਭਰਾ ਨੇ, ਦੋਵੇਂ ਸਿਰਫ਼ ਝੂਠੇ ਵਾਅਦੇ ਅਤੇ ਗਰੰਟੀਆਂ ਦਿੰਦੇ ਨੇ: ਰਾਜ ਕੁਮਾਰ ਵੇਰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਰਾ ਹਨ।

Raj Kumar Verka

ਚੰਡੀਗੜ੍ਹ (ਅਮਨਪ੍ਰੀਤ ਕੌਰ):  ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਰਾ ਹਨ। ਉਹਨਾਂ ਕਿਹਾ ਕਿ ਦੋਵੇਂ ਸਿਰਫ ਝੂਠੇ ਵਾਅਦੇ ਅਤੇ ਝੂਠੀਆਂ ਗਰੰਟੀਆਂ ਦਿੰਦੇ ਹਨ। ਕੈਬਨਿਟ ਮੰਤਰੀ ਨੇ ਸਵਾਲ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ? ਪੈਟਰੋਲ-ਡੀਜ਼ਲ ਸਸਤਾ ਕਿਉਂ ਨਹੀਂ ਕੀਤਾ?

ਉਹਨਾਂ ਕਿਹਾ ਕਿ ਪੀਐਮ ਮੋਦੀ ਨੇ ਨੋਟਬੰਦੀ ਦੌਰਾਨ ਹਾਲਾਤ ਠੀਕ ਕਰਨ ਲਈ 50 ਦਿਨ ਮੰਗੇ ਸਨ, ਇਸ ਦੇ ਬਾਵਜੂਦ ਹਾਲਾਤ ਸਹੀ ਨਹੀਂ ਹੋਏ। ਇਸ ਤੋਂ ਬਾਅਦ ਜੀਐਸਟੀ ਲਾਗੂ ਕੀਤਾ ਗਿਆ। ਇਸ ਤੋਂ ਬਾਅਦ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾਏ ਗਏ। ਕੇਜਰੀਵਾਲ ’ਤੇ ਹਮਲਾ ਬੋਲਦਿਆਂ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਗਰੰਟੀਆਂ ਦੇ ਰਹੇ ਹਨ ਪਰ ਉਹਨਾਂ ਦੇ ਅਪਣੇ ਵਿਧਾਇਕ ਖਿਲਰੇ ਪਏ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦਿੱਲ਼ੀ ਵਿਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਤੇ ਨਾ ਹੀ ਕੋਈ ਵਿਕਾਸ ਕਰਵਾਇਆ।

ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਕਾਂਗਰਸ ਸਰਕਾਰ ਦੀਆਂ ਸਾਰੀਆਂ ਗਰੰਟੀਆਂ ਜ਼ਮੀਨੀ ਪੱਧਰ ’ਤੇ ਲਾਗੂ ਹੋ ਰਹੀਆਂ ਹਨ। ਵਿਰੋਧੀ ਧਿਰਾਂ ਲੋਕਾਂ ਵਿਚ ਚੰਨੀ ਸਰਕਾਰ ਖਿਲਾਫ਼ ਝੂਠ ਫੈਲਾਉਣਾ ਚਾਹੁੰਦੇ ਹਨ ਪਰ ਲੋਕਾਂ ਨੂੰ ਪਤਾ ਹੈ ਕਿ ਚੰਨੀ ਸਰਕਾਰ ਇਕ ਚੰਗੀ ਸਰਕਾਰ ਹੈ।  ਰਾਜ ਕੁਮਾਰ ਨੇ ਕਿਹਾ ਕਿ 2022 ਵਿਚ ਲੋਕ ਚੰਨੀ ਸਰਕਾਰ ਨੂੰ ਹੀ ਮੁੱਖ ਮੰਤਰੀ ਬਣਾਉਣਗੇ। ਉਹਨਾਂ ਕਿਹਾ ਕਿ ਕਾਂਗਰਸ ਦਾ ਸੀਐਮ ਚਿਹਰਾ ਚਰਨਜੀਤ ਸਿੰਘ ਚੰਨੀ ਹੀ ਹਨ।

ਨਵਜੋਤ ਸਿੱਧੂ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਅਪਣੀ ਗੱਲ਼ ਕਹਿਣ ਦਾ ਤਰੀਕਾ ਹੈ। ਕਈ ਲੋਕਾਂ ਨੂੰ ਇਹ ਤਰੀਕਾ ਪਸੰਦ ਨਹੀਂ, ਇਹ ਵੀ ਸੱਚ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਕਾਂਗਰਸ ਦੇ ਖਿਲਾਫ਼ ਹਨ। ਉਹਨਾਂ ਦੀਆਂ ਕੁਝ ਮੰਗਾਂ ਸਨ, ਜਿਸ ’ਤੇ ਕੰਮ ਹੋ ਰਿਹਾ ਹੈ।