ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਤ੍ਰਿਪੁਰਾ ਵਿਚ ਪੁਲਿਸ ਹਿ

ਏਜੰਸੀ

ਖ਼ਬਰਾਂ, ਪੰਜਾਬ

ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਤ੍ਰਿਪੁਰਾ ਵਿਚ ਪੁਲਿਸ ਹਿੰਸਾ ਦਾ ਦੋਸ਼ ਲਗਾਇਆ

image

ੇਨਵੀਂ ਦਿੱਲੀ, 22 ਨਵੰਬਰ : ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਇਕ ਪ੍ਰਤੀਨਿਧ ਮੰਡਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਤ੍ਰਿਪੁਰਾ ਵਿਚ ਪੁਲਿਸ ਵਿਰੁਧ ਹਿੰਸਾ ਦਾ ਦੋਸ਼ ਲਗਾਇਆ। ਗ੍ਰਹਿ ਮੰਤਰਾਲੇ ਤੋਂ ਬਾਹਰ ਸਵੇਰੇ ਤੋਂ ਧਰਨੇ ’ਤੇ ਬੈਠੇ ਸੰਸਦ ਮੈਂਬਰਾਂ ਨੂੰ ਦੁਪਹਿਰ ਵੇਲੇ ਸ਼ਾਹ ਨੂੰ ਮਿਲਣ ਦਾ ਸਮਾਂ ਦਿਤਾ ਗਿਆ। ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਵਿਸਤਾਰ ਨਾਲ ਦਸਿਆ ਹੈ ਕਿ ਕਿਵੇਂ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਸੰਸਦ ਮੈਂਬਰਾਂ ਨੂੰ ਕੁਟਿਆ ਜਾ ਰਿਹਾ ਹੈ। ਉਨ੍ਹਾਂ ਨੇ ਸਾਨੂੰ ਦਸਿਆ ਕਿ ਉਨ੍ਹਾਂ ਕਲ ਤ੍ਰਿਪੁਰਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ ਅਤੇ ਸਾਨੂੰ ਭਰੋਸਾ ਦਿਤਾ ਕਿ ਉਹ ਰਾਜ ਸਰਕਾਰ ਤੋਂ ਰਿਪੋਰਟ ਮੰਗਣਗੇ।’’ ਪ੍ਰਤੀਨਿਧ ਮੰਡਲ ਵਿਚ ਸੁਖੇਂਦੂ ਸ਼ੇਖ਼ਰ ਰਾਏ, ਸ਼ਾਤਨੁ ਸੇਨ, ਕਲਿਆਣ ਬੈਨਰਜੀ, ਡੇਰੇਕ ਓ ਬ੍ਰਾਇਨ, ਮਾਲਾ ਰਾਏ ਅਤੇ 11 ਹੋਰ ਸੰਸਦ ਮੈਂਬਰ ਸ਼ਾਮਲ ਸਨ। ਦਿੱਲੀ ਪਹੁੰਚ ਰਹੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵੀ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਅੱਜ ਤ੍ਰਿਣਾਮੂਲ ਕਾਂਗਰਸ (ਟੀਐਮਸੀ) ਸੰਸਦ ਮੈਂਬਰਾਂ ਦੇ ਇਕ ਪ੍ਰਤੀਨਿਧ ਮੰਡਲ ਨੇ ਤ੍ਰਿਪੁਰਾ ਵਿਚ ਪਾਰਟੀ ਦੇ ਇਕ ਨੌਜੁਆਨ ਨੇਤਾ ਉਤੇ ਪੁਲਿਸ ਤਸ਼ੱਦਦ ਅਤੇ ਗ੍ਰਿਫ਼ਤਾਰੀ ਬਾਰੇ ਅੱਜ ਇਥੇ ਗ੍ਰਹਿ ਮੰਤਰਾਲੇ ਦੇ ਬਾਹਰ ਧਰਨਾ ਦਿਤਾ। ਤ੍ਰਿਣਾਮੂਲ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਅਮਿਤ ਸ਼ਾਹ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਸੀ। (ਏਜੰਸੀ)