ਚੰਡੀਗੜ੍ਹ ਦੇ ਰਿਸ਼ਵਤਖੋਰ SI ਅਰਵਿੰਦ ਕੁਮਾਰ ਨੂੰ 4 ਸਾਲ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20,000 ਰੁਪਏ ਜੁਰਮਾਨਾ ਵੀ ਲਗਾਇਆ

PHOTO

 

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਭ੍ਰਿਸ਼ਟ ਸਬ-ਇੰਸਪੈਕਟਰ ਅਰਵਿੰਦ ਕੁਮਾਰ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਬੁੱਧਵਾਰ ਨੂੰ 4 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਖ਼ਿਲਾਫ਼ 7 ਸਾਲ ਪਹਿਲਾਂ ਕੇਸ ਦਰਜ ਹੋਇਆ ਸੀ। ਦਰਜ ਕੇਸ ਅਨੁਸਾਰ ਜ਼ਰੂਰੀ ਵਸਤਾਂ ਐਕਟ ਤਹਿਤ ਦਰਜ ਹੋਏ ਇੱਕ ਕੇਸ ਵਿੱਚ ਅਰਵਿੰਦ ਕੁਮਾਰ ਤਫ਼ਤੀਸ਼ੀ ਅਫ਼ਸਰ ਸੀ। ਅਰਵਿੰਦ ਕੁਮਾਰ ਰਿਸ਼ਵਤ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਬਲਕਾਰ ਸਿੰਘ ਸੈਣੀ ਖ਼ਿਲਾਫ਼ ਜ਼ਰੂਰੀ ਵਸਤਾਂ ਐਕਟ ਦੀ ਧਾਰਾ 7 ਤਹਿਤ ਦਰਜ ਕੀਤੇ ਕੇਸ ਦੀ ਜਾਂਚ ਕਰ ਰਿਹਾ ਸੀ।

ਬਲਕਾਰ ਸਾਲ 2014 ਵਿੱਚ ਰਾਸ਼ਨ ਡਿਪੂ ਚਲਾਉਂਦਾ ਸੀ। ਉਸ 'ਤੇ ਮਹਿੰਗੇ ਭਾਅ 'ਤੇ ਕਣਕ ਵੇਚਣ ਦਾ ਦੋਸ਼ ਸੀ। ਸਾਲ 2015 ਵਿੱਚ ਬਲਕਾਰ ਨੂੰ ਐਸਆਈ ਵੱਲੋਂ ਜਾਂਚ ਦੇ ਨਾਂ ’ਤੇ ਕਈ ਵਾਰ ਬੁਲਾਇਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ ਪਰ ਐਸਆਈ ਅਰਵਿੰਦ ਬਲਕਾਰ ਤੋਂ 20,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸੌਦਾ 10 ਹਜ਼ਾਰ ਵਿੱਚ ਤੈਅ ਹੋਇਆ ਸੀ। ਉਸ ਨੇ ਬਲਕਾਰ ਨੂੰ ਕਿਹਾ ਸੀ ਕਿ ਉਹ ਇਸ ਕੇਸ ਨੂੰ ਅਦਾਲਤ ਵਿਚ ਸੰਭਾਲੇਗਾ ਅਤੇ ਉਸ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ।

ਸ਼ਿਕਾਇਤਕਰਤਾ ਬਲਕਾਰ ਵਾਸੀ ਪਿੰਡ ਫੈੱਡਣ, ਚੰਡੀਗੜ੍ਹ ਨੇ ਰਿਸ਼ਵਤ ਦੇਣ ਦੀ ਬਜਾਏ ਚੰਡੀਗੜ੍ਹ ਸੀਬੀਆਈ ਨੂੰ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਸੀਬੀਆਈ ਨੇ ਸ਼ੈਡੋ ਗਵਾਹ ਬਣਾ ਕੇ ਐਸਆਈ 'ਤੇ ਜਾਲ ਵਿਛਾ ਦਿੱਤਾ। 7 ਅਪ੍ਰੈਲ 2015 ਨੂੰ ਉਸ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਹ ਸੈਕਟਰ-31 ਥਾਣੇ ਵਿੱਚ ਤਾਇਨਾਤ ਸੀ। ਸੀਬੀਆਈ ਕੇਸ ਅਨੁਸਾਰ ਰਿਸ਼ਵਤ ਦੀ ਰਕਮ ਦੋ ਕਿਸ਼ਤਾਂ ਵਿੱਚ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਪਹਿਲਾਂ ਵੀ ਇਸ ਐਸਆਈ ਨੂੰ ਕਾਫੀ ਪੈਸੇ ਦੇ ਚੁੱਕਾ ਹੈ।

ਸੀਬੀਆਈ ਨੇ ਐਸਆਈ ਦੇ ਸੈਕਟਰ-20 ਦੇ ਘਰ ਦੀ ਵੀ ਚੈਕਿੰਗ ਕੀਤੀ ਸੀ। ਸੀਬੀਆਈ ਵੱਲੋਂ ਚਾਰਜਸ਼ੀਟ ਪੇਸ਼ ਕੀਤੇ ਜਾਣ ਤੋਂ ਬਾਅਦ ਦੋਸ਼ ਆਇਦ ਕਰਨ ਦੌਰਾਨ ਮੁਲਜ਼ਮ ਨੇ ਬੇਕਸੂਰ ਹੋਣ ਦੀ ਦਲੀਲ ਦਿੱਤੀ ਸੀ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਉਸ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।