Bathinda Pollution News: ਦੇਸ਼ ਦੇ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ 20ਵੇਂ ਨੰਬਰ ’ਤੇ ਬਠਿੰਡਾ; 340 ਦਰਜ ਕੀਤਾ ਗਿਆ AQI
ਪੰਜਾਬ ਵਿਚ ਬੁਧਵਾਰ ਨੂੰ ਪਰਾਲੀ ਸਾੜਨ ਦੇ 512 ਮਾਮਲੇ ਸਾਹਮਣੇ ਆਏ
Bathinda Pollution News: ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿਚ ਬੁੱਧਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ (AQI) 340 ਦਰਜ ਕੀਤਾ, ਜਿਸ ਨਾਲ ਇਹ ਦੇਸ਼ ਦਾ 20ਵਾਂ ਸੱਭ ਤੋਂ ਪ੍ਰਦੂਸ਼ਿਤ ਹਵਾ ਵਾਲਾ ਸ਼ਹਿਰ ਬਣ ਗਿਆ। ਇਸ ਤੋਂ ਇਕ ਦਿਨ ਪਹਿਲਾਂ ਬਠਿੰਡਾ 400 ਹਵਾ ਗੁਣਵੱਤਾ ਸੂਚਕਾਂਕ ਨਾਲ ਰਾਜਸਥਾਨ ਦੇ ਚੁਰੂ ਤੋਂ ਬਾਅਦ ਦੂਜਾ ਸੱਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ, ਜਿਥੇ ਹਵਾ ਦੀ ਗੁਣਵੱਤਾ 404 ਦਰਜ ਕੀਤੀ ਗਈ ਸੀ।
ਦੇਸ਼ ਦੀਆਂ ਸੱਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ
ਬੁਧਵਾਰ ਨੂੰ ਸੱਭ ਤੋਂ ਖ਼ਰਾਬ ਹਵਾ ਦੀ ਗੁਣਵੱਤਾ ਵਾਲਾ ਸ਼ਹਿਰ ਪੂਰਨੀਆ (ਬਿਹਾਰ) ਸੀ, ਜਿਥੇ ਹਵਾ ਦੀ ਗੁਣਵੱਤਾ 398 ਦਰਜ ਕੀਤੀ ਗਈ, ਜਿਸ ਤੋਂ ਬਾਅਦ ਦਿੱਲੀ ਦਾ AQI 395 ਸੀ। ਬੁਧਵਾਰ ਨੂੰ 391 ਦੇ AQI ਨਾਲ ਚੁਰੂ ਤੀਜਾ ਸੱਭ ਤੋਂ ਵੱਧ ਪ੍ਰਦੂਸ਼ਿਤ ਸੀ, ਇਸ ਤੋਂ ਬਾਅਦ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਹਨੂੰਮਾਨਗੜ੍ਹ (390), ਸੀਕਰ (368), ਧੌਲਪੁਰ (366), ਮੇਰਠ (366), ਬੀਕਾਨੇਰ (360), ਫਰੀਦਾਬਾਦ (356), ਫਤਿਹਾਬਾਦ (355), ਰਾਜਗੀਰ (347), ਦੌਸਾ (346), ਕਠਾਰ (346), ਨਾਗੌਰ (346), ਗਾਜ਼ੀਆਬਾਦ (344) , ਟੋਂਕ (342), ਗੁਰੂਗ੍ਰਾਮ (341), ਨੋਇਡਾ (341), ਅਤੇ ਜੀਂਦ (340) ਸ਼ਹਿਰ ਸ਼ਾਮਲ ਹਨ।
ਪਰਾਲੀ ਸਾੜਨ ਦੀਆਂ 40 ਘਟਨਾਵਾਂ ਦਰਜ
ਹਾਲਾਂਕਿ ਬੁਧਵਾਰ ਨੂੰ ਬਠਿੰਡਾ ਦੀ ਹਵਾ ਗੁਣਵੱਤਾ ਵਿਚ ਸੁਧਾਰ ਹੋਇਆ ਪਰ ਇਹ ਦੋਵੇਂ ਦਿਨ 'ਬਹੁਤ ਖਰਾਬ' ਏਅਰ ਕੁਆਲਿਟੀ ਇੰਡੈਕਸ ਨਾਲ ਪੰਜਾਬ ਦਾ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਬਠਿੰਡਾ ਦੇ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਖੇਤਾਂ ਵਿਚ ਅੱਗ ਲੱਗਣ ਦੀਆਂ 30 ਘਟਨਾਵਾਂ ਦਰਜ ਹੋਈਆਂ, ਜਦਕਿ ਬੁੱਧਵਾਰ ਨੂੰ ਇਹ ਅੰਕੜਾ 40 ਰਿਹਾ। ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਹਸਨ ਸਿੰਘ ਨੇ ਦਸਿਆ ਕਿ 2022 ਵਿਚ ਝੋਨੇ ਹੇਠ ਰਕਬਾ 1.70 ਲੱਖ ਹੈਕਟੇਅਰ ਸੀ, ਜੋ 2023 ਵਿਚ ਵੱਧ ਕੇ 2.32 ਲੱਖ ਹੈਕਟੇਅਰ ਹੋ ਗਿਆ ਹੈ। ਇਸ ਝੋਨੇ ਦੇ ਸੀਜ਼ਨ 'ਚ ਬੁਧਵਾਰ ਤਕ ਬਠਿੰਡਾ 'ਚ 2900 ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਅਤੇ ਪੰਜਾਬ ਸਰਕਾਰ ਦੀ ਐਕਸ਼ਨ ਟੇਕ ਰਿਪੋਰਟ (ਏ.ਟੀ.ਆਰ.) ਅਨੁਸਾਰ ਅਸਲ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਿਰਫ 1778 ਸਨ।
ਪੰਜਾਬ ਵਿਚ ਪਰਾਲੀ ਸਾੜਨ ਦੇ 512 ਮਾਮਲੇ
ਪੰਜਾਬ ਵਿਚ ਬੁਧਵਾਰ ਨੂੰ ਪਰਾਲੀ ਸਾੜਨ ਦੇ 512 ਮਾਮਲੇ ਸਾਹਮਣੇ ਆਏ, ਜਿਸ ਨਾਲ 15 ਸਤੰਬਰ ਤੋਂ ਹੁਣ ਤਕ ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 36,118 ਹੋ ਗਈ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਪਰਾਲੀ ਸਾੜਨ ਦੇ ਸੱਭ ਤੋਂ ਵੱਧ ਮਾਮਲੇ ਮੋਗਾ ਵਿਚ ਸਾਹਮਣੇ ਆਏ ਹਨ। ਪਰਾਲੀ ਸਾੜਨ ਦੇ 110 ਮਾਮਲੇ ਮੋਗਾ ਵਿਚ, 95 ਫਾਜ਼ਿਲਕਾ, 41 ਮੁਕਤਸਰ, 40 ਬਠਿੰਡਾ ਅਤੇ 39 ਫਰੀਦਕੋਟ ਵਿਚ ਦਰਜ ਕੀਤੇ ਗਏ ਹਨ।
(For more news apart from Bathinda air 20th most polluted in the country, stay tuned to Rozana Spokesman)