ਦਵਾਈ ਲੈਣ ਜਾ ਰਹੇ ਚਾਚੀ-ਭਤੀਜੇ ਦੀ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ

Ajnala Accident News

ਗੁਰੂ ਕਾ ਬਾਗ਼ (ਬਹੋੜੂ) : ਅਜਨਾਲਾ ਨੇੜੇ ਬੀਤੀ ਦਿਨ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਪਿੰਡ ਮਹਿਲਾਂਵਾਲਾ ਦਾ 20 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਪੁੱਤਰ ਗੁਰਦੇਵ ਸਿੰਘ ਅਪਣੀ ਗੁਆਂਢਣ ਲਖਵਿੰਦਰ ਕੌਰ ਪਤਨੀ ਸਰਵਣ ਸਿੰਘ (ਉਮਰ ਲਗਭਗ 45 ਸਾਲ) ਦੇ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਲਈ ਅਜਨਾਲਾ ਜਾ ਰਿਹਾ ਸੀ। ਜਦੋਂ ਉਹ ਕਿਆਂਮਪੁਰ ਤੋਂ ਮਹਿਲਬੁਖਾਰੀ ਜਾਣ ਵਾਲੇ ਰੋਡ ’ਤੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਤੇਜ਼ ਰਫ਼ਤਾਰ ਵਿਚ ਟੱਕਰ ਮਾਰ ਦਿਤੀ।

ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਜਾਣਿਆਂ ਨੂੰ ਕਾਫੀ ਦੂਰ ਤਕ ਵਾਹਨ ਘੜੀਸਦਾ ਲੈ ਗਿਆ ਤੇ ਮੌਕੇ ’ਤੇ ਹੀ ਦੋਵਾਂ ਦੀ ਮੌਤ ਹੋ ਗਏ। ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਿਹਾ। ਦੁਰਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਅਜਨਾਲਾ ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਸ ਵੱਲੋਂ ਅਣਪਛਾਤੇ ਵਾਹਨ ਤੇ ਚਾਲਕ ਦੀ ਤਲਾਸ਼ ਜਾਰੀ ਹੈ।