ਜਲੰਧਰ 'ਚ ਨਾਬਾਲਗ ਦਾ ਜਬਰ-ਜਨਾਹ ਤੋਂ ਬਾਅਦ ਕਤਲ
ਮੁਲਜ਼ਮ ਦੇ ਘਰ ਦੇ ਬਾਥਰੂਮ 'ਚੋਂ ਮਿਲੀ ਬੱਚੀ ਕੁੜੀ ਦੀ ਲਾਸ਼, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ
ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਵਿੱਚ ਨਾਬਾਲਗ ਦੀ ਲਾਸ਼ ਮਿਲੀ। ਗੁਆਂਢੀ ਦੇ ਬਾਥਰੂਮ ਵਿੱਚ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਕੀਤਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕੀਤੀ ਗਈ। ਪਾਰਸ ਅਸਟੇਟ ਇਲਾਕੇ ਵਿੱਚ ਵਾਪਰੀ ਘਟਨਾ ਤੋਂ ਬਾਅਦ, ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ। ਉਨ੍ਹਾਂ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।
ਪਰਿਵਾਰ ਨੇ ਦੱਸਿਆ ਕਿ ਕੁੜੀ ਸਾਰਾ ਦਿਨ ਘਰ ਹੀ ਸੀ ਅਤੇ ਸ਼ਾਮ ਨੂੰ ਸੈਰ ਕਰਨ ਗਈ ਸੀ। ਜਦੋਂ ਉਹ ਰਾਤ ਤੱਕ ਘਰ ਨਹੀਂ ਪਰਤੀ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਉਹ ਇੱਕ ਗੁਆਂਢੀ ਦੇ ਘਰ ਗਈ ਸੀ। ਜਦੋਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ ਅਤੇ ਬਾਥਰੂਮ ਖੋਲ੍ਹਿਆ ਤਾਂ ਉਨ੍ਹਾਂ ਨੂੰ ਲੜਕੀ ਦੀ ਲਾਸ਼ ਅੰਦਰ ਪਈ ਮਿਲੀ।
ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨਾਲ ਪ੍ਰਵਾਰ ਗੁੱਸੇ ਵਿਚ ਭੜਕ ਗਿਆ ਅਤੇ ਮੁਹੱਲੇ ਦੇ ਬਾਹਰ ਸੜਕ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਲੜਕੀ ਨਾਲ ਜਿਨਸੀ ਸ਼ੋਸ਼ਣ ਅਤੇ ਕਤਲ ਕਰਨ ਵਾਲਾ ਮੁਲਜ਼ਮ ਵੀ ਉਸੇ ਸ਼ਹਿਰ ਵਿੱਚ ਰਹਿੰਦਾ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਰੋਸ ਫੈਲ ਗਿਆ ਹੈ।
ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਲੜਕੀ ਆਪਣੇ ਪਿੱਛੇ ਆਪਣੀ ਮਾਂ ਅਤੇ ਭਰਾ ਛੱਡ ਗਈ ਹੈ। ਉਸ ਦੇ ਪਿਤਾ ਦੀ ਵੀ ਪਿਛਲੇ ਸਾਲ ਮੌਤ ਹੋ ਗਈ ਸੀ।