Firozpur News : ਨਵੀਨ ਅਰੋੜਾ ਕਤਲ ਮਾਮਲੇ ਵਿਚ ਲੁਧਿਆਣਾ ਦੀ ਔਰਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੂਟਰਾਂ ਨੂੰ ਪਨਾਹ ਦੇਣ ਦੇ ਲੱਗੇ ਇਲਜ਼ਾਮ

Naveen Arora File Photo.

Ludhiana Woman Arrested in Ferozepur Naveen Arora Murder Case Latest News in Punjabi  ਫ਼ਿਰੋਜ਼ਪੁਰ : ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਮੋਚੀ ਬਜਾਰ ਵਿੱਚ ਆਰ.ਐਸ.ਐਸ. ਆਗੂ ਦੇ ਪੋਤੇ ਨਵੀਨ ਅਰੋੜਾ ਦੇ ਹੋਏ ਕਤਲ ਕਾਂਡ ਵਿੱਚ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਨਵੀਨ ਦੇ ਕਤਲ ਦੀ ਯੋਜਨਾਬੰਦੀ ਭਾਵੇਂ ਜਤਿਨ ਕਾਲੀ ਵਲੋਂ ਕੀਤੀ ਗਈ ਹੋਵੇਗੀ ਪਰ ਜਲੰਧਰ ਦੇ ਸ਼ੂਟਰ ਦਾ ਇੰਤਜ਼ਾਮ ਕਰਨਾ ਅਤੇ ਲੁਧਿਆਣਾ ਤੋਂ ਇਲਾਵਾ ਹੋਰ ਵੀ ਕਈ ਥਾਵਾਂ 'ਤੇ ਕਾਤਲਾਂ ਨੂੰ 'ਸੇਫ਼ ਐਸਕੇਪ' ਦੇ ਇੰਤਜ਼ਾਮ ਕਰਨੇ ਇਹ ਕਿਸੇ ਆਮ ਦਿਮਾਗ਼ ਦੀ ਖੇਡ ਨਹੀ ਲੱਗਦੀ।

ਦੱਸ ਦਈਏ ਕਿ ਪੁਲਿਸ ਨੇ ਇਸ ਹੱਤਿਆਕਾਂਡ ਦੀ ਯੋਜਨਾਬੰਦੀ ਕਰਨ ਵਾਲੇ ਜਤਿਨ ਕਾਲੀ, ਕਨਵ ਤੇ ਹਰਸ਼ ਨੂੰ ਪਹਿਲਾ ਹੀ ਗ੍ਰਿਫ਼ਤਾਰ ਕਰ ਲਿਆ ਸੀ ਪਰ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਚ ਕੀਤੀ ਜਾ ਰਹੀ ਹੈ। ਫ਼ਿਰੋਜ਼ਪੁਰ ਪੁਲਿਸ ਦੀ ਪੈੜ ਹੁਣ ਲੁਧਿਆਣਾ ਦੀ ਭਾਵਨਾ ਨਾਂ ਦੀ ਇਕ ਔਰਤ ਤਕ ਜਾ ਪਹੁੰਚੀ ਹੈ। ਮਾਮਲੇ 'ਚ ਪੂਰੀ ਬਾਰੀਕੀ ਨਾਲ ਜਾਂਚ ਕਰ ਰਹੀ ਫ਼ਿਰੋਜ਼ਪੁਰ ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਗੋਲੀਆਂ ਚਲਾਉਣ ਵਾਲਾ ਕੋਈ ਨਛੱਤਰ ਨਾਂ ਦਾ ਵਿਅਕਤੀ ਸੀ ਤੇ ਉਹ ਵਾਰਦਾਤ ਮਗਰੋਂ ਭਾਵਨਾ ਕੋਲ ਵੀ ਰੁਕਿਆ ਸੀ।

ਇਸ ਲਈ ਭਾਵਨਾ ਪੁੱਤਰੀ ਅਸ਼ੋਕ ਕੁਮਾਰ ਵਾਸੀ ਟਿੱਬਾ ਰੋਡ ਲੁਧਿਆਣਾ ਨੇ ਨਛੱਤਰ ਨੂੰ ਪਨਾਹ ਦਿੱਤੀ ਸੀ ਪਰ ਹੁਣ ਉਹ ਉੱਥੋਂ ਵੀ ਫ਼ਰਾਰ ਹੋ ਗਿਆ ਹੈ। ਜਿਸ 'ਤੇ ਪੁਲਿਸ ਨੇ ਭਾਵਨਾ ਦੇ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿਛ ਦੌਰਾਨ ਇਸ ਮਾਮਲੇ ਸਬੰਧੀ ਹੋਰ ਅਹਿਮ ਖ਼ੁਲਾਸੇ ਹੋ ਸਕਦੇ ਹਨ। ਪੁਲਿਸ ਮੁਤਾਬਕ ਭਾਵਨਾ ਤੋਂ ਪੁੱਛਗਿੱਛ ਮਗਰੋਂ ਜਲਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।