'ਆਪ' ਦਾ ਬਾਗ਼ੀ ਧੜਾ ਚੜ੍ਹੇ ਸਾਲ ਕਰੇਗਾ ਨਵੇਂ ਸਿਆਸੀ ਮੰਚ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ 'ਚ ਬਾਗ਼ੀ ਵਿਧਾਇਕਾਂ ਵਲੋਂ ਚੜਦੇ ਸਾਲ ਜਨਵਰੀ ਮਹੀਨੇ ਦੇ ਪਹਿਲੇ ਅੱਧ 'ਚ.....

Sukhpal Singh Khaira

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ 'ਚ ਬਾਗ਼ੀ ਵਿਧਾਇਕਾਂ ਵਲੋਂ ਚੜਦੇ ਸਾਲ ਜਨਵਰੀ ਮਹੀਨੇ ਦੇ ਪਹਿਲੇ ਅੱਧ 'ਚ ਅਪਣੇ ਨਵੇਂ ਸਿਆਸੀ ਮੰਚ ਦਾ ਐਲਾਨ ਕਰ ਦਿਤਾ ਜਾਵੇਗਾ। ਇਨ੍ਹਾਂ ਵਿਧਾਇਕਾਂ ਦੀ ਅਗਵਾਈ ਕਰ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 'ਸਪੋਕਸਮੈਨ ਟੀਵੀ' ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਨੇ ਵਿਧਾਇਕ ਅਹੁਦੇ ਤੋਂ ਅਸਤੀਫ਼ੇ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

ਜਿਸਦਾ ਕਾਰਨ ਉਨ੍ਹਾਂ ਦਸਿਆ ਕਿ ਇਸ ਨਾਲ ਇਕ ਤਾਂ ਪੰਜਾਬ ਦੀ ਜਨਤਾ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਨਕਾਰੇ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦਾ ਰੁਤਬਾ ਮਿਲ ਜਾਵੇਗਾ ਅਤੇ ਦੂਜਾ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਪੰਜਾਬ ਖਾਹਮਖਾਹ 7-8 ਹਲਕਿਆਂ ਦੀ ਜ਼ਿਮਨੀ ਚੋਣ ਦੇ ਬੋਝ ਹੇਠ ਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਉਨ੍ਹਾਂ ਦੇ ਸਾਥੀ ਪਾਰਟੀ ਵਿਧਾਇਕਾਂ, ਪਟਿਆਲਾ ਤੋਂ ਐਮਪੀ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਡੈਮੋਕ੍ਰੇਟਿਕ ਮੰਚ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ, ਪੰਜਾਬ ਬਸਪਾ ਆਦਿ ਦੀ ਰਾਏ ਨਾਲ ਹੀ ਘੜੀ ਜਾ ਰਹੀ ਹੈ।

ਇਸ ਮੌਕੇ ਉਨ੍ਹਾਂ ਦਿਲੀ ਵਿਧਾਨ ਸਭਾ 'ਚ 1984 ਦੇ ਸਿੱਖ ਕਤਲੇਆਮ ਦੇ ਮੁਦੇ ਉਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋਲੋਂ ਭਾਰਤ ਰਤਨ ਵਾਪਿਸ ਲਏ ਜਾਣ ਬਾਰੇ ਮਤੇ 'ਤੇ ਕੇਜਰੀਵਾਲ ਸਰਕਾਰ ਦੇ ਯੂ ਟਰਨ ਦਾ ਵੀ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਨਾਲ ਗਠਜੋੜ ਦੀ ਸੰਭਾਵਨਾ ਕਰਕੇ ਆਮ ਆਦਮੀ ਪਾਰਟੀ ਇਸ ਮੁਦੇ ਉਤੇ ਟਾਲਮਟੋਲ ਕਰ ਰਹੀ ਹੈ, ਜੋ ਕਿ ਸਿਖਾਂ ਦੀਆਂ ਭਾਵਨਾਵਾਂ ਨਾਲ ਕੋਝਾ ਮਜ਼ਾਕ ਹੈ।