ਪੰਜਾਬ ਸਮੇਤ ਉੱਤਰ ਭਾਰਤ ਵਿਚ ਜ਼ਬਰਦਸਤ ਠੰਢ, ਅਗਲੇ 24 ਘੰਟਿਆਂ 'ਚ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਅਤੇ ਹਰਿਆਣਾ ਵਿਚ ਐਤਵਾਰ ਨੂੰ ਜ਼ਬਰਦਸਤ ਠੰਢ ਰਹੀ ਜਦਕਿ ਹਰਿਆਣਾ ਦਾ ਨਾਰਨੌਲ 4.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੱਭ ਤੋਂ ਠੰਢਾ ਰਿਹਾ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿਚ ਐਤਵਾਰ ਨੂੰ ਜ਼ਬਰਦਸਤ ਠੰਢ ਰਹੀ ਜਦਕਿ ਹਰਿਆਣਾ ਦਾ ਨਾਰਨੌਲ 4.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੱਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਧੁੰਦ ਕਾਰਨ ਦੋਹਾਂ ਰਾਜਾਂ ਵਿਚ ਕਈ ਥਾਵਾਂ 'ਤੇ ਸਵੇਰੇ ਸੜਕਾਂ 'ਤੇ ਰਾਹ ਵਿਖਾਈ ਨਾ ਦਿਤਾ।
ਦੋਹਾਂ ਰਾਜਾਂ ਵਿਚ ਨਾਰਨੌਲ ਸੱਭ ਤੋਂ ਠੰਢਾ ਰਿਹਾ ਜਿਥੇ ਰਾਤ ਦਾ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਜਦਕਿ ਭਿਵਾਨੀ ਵਿਚ ਘੱਟੋ ਘੱਟ ਤਾਪਮਾਨ ਆਮ ਨਾਲ ਦੋ ਡਿਗਰੀ ਹੇਠਾਂ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿਚ ਲੁਧਿਆਣਾ ਸੱਭ ਤੋਂ ਠੰਢਾ ਰਿਹਾ ਜਿਥੇ ਘੱਟੋ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਰਨਾਲ ਵਿਚ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਹਤਕ, ਸਿਰਸਾ ਅਤੇ ਹਿਸਾਰ ਵਿਚ ਕ੍ਰਮਵਾਰ 7.2 ਡਿਗਰੀ ਸੈਲਸੀਅਸ, 7.6 ਡਿਗਰੀ ਸੈਲਸੀਅਸ ਅਤੇ 69 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਵਿਚ ਘੱਟੋ ਘੱਟ ਤਾਪਮਾਨ 9.6 ਡਿਗਰੀ ਸੀ।
ਜ਼ਬਰਦਸਤ ਠੰਢ ਕਾਰਨ ਐਤਵਾਰ ਨੂੰ ਸੜਕਾਂ 'ਤੇ ਬਹੁਤ ਘੱਟ ਆਵਾਜਾਈ ਰਹੀ ਅਤੇ ਕੁੱਝ ਥਾਈਂ ਲੋੜ ਸੜਕਾਂ ਕੰਢੇ ਧੂਣੀ ਬਾਲ ਕੇ ਅੱਗ ਸੇਕਦੇ ਨਜ਼ਰ ਆਏ। ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਜਦਕਿ ਪਟਿਆਲਾ ਦਾ 7.4 ਡਿਗਰੀ ਸੈਲਸੀਅਸ ਰਿਹਾ।
ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿਚ 5.9, ਆਦਮਪੁਰ ਵਿਚ 6.1, ਗੁਰਦਾਸਪੁਰ ਵਿਚ 5.5 ਤਾਪਮਾਨ ਹੋਣ ਕਾਰਨ ਰਾਤ ਸਮੇਂ ਬੇਹੱਦ ਠੰਢ ਮਹਿਸੂਸ ਕੀਤੀ ਗਈ।