ਜ਼ਿਲ੍ਹਾ ਫ਼ਾਜ਼ਿਲਕਾ ਅੰਦਰ 21 ਹੈਲਥ ਵੈਲਨੈਸ ਸੈਂਟਰ ਬਣਾਏ ਜਾਣਗੇ: ਬਲਬੀਰ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਜ਼ਿਲ੍ਹਾ ਫ਼ਾਜ਼ਿਲਕਾ ਅੰਦਰ 21 ਹੈਲਥ ਵੈਲਨੈਸ ਸੈਂਟਰ ਬਣਾਏ ਜਾਣਗੇ: ਬਲਬੀਰ ਸਿੱਧੂ

image

ਅਬੋਹਰ/ਫ਼ਾਜ਼ਿਲਕਾ, 22 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ): ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਾਸੀਆਂ ਨੂੰ ਸਿਹਤ ਨਾਲ ਸਬੰਧਤ ਸਾਰੀਆਂ ਸਹੂਲਤਾਂ ਹੋਰ ਬਿਹਤਰ ਤਰੀਕੇ ਨਾਲ ਮੁਹਈਆ ਕਰਵਾਉਣ ਦੇ ਮੱਦੇਨਜਰ 21 ਹੈਲਥ ਵੈਲਨੈਸ ਸੈਂਟਰ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰ ਵਿਖੇ 27 ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ ਜਿਸ ਨਾਲ ਲੋਕਾਂ ਨੂੰ ਇਕੋ ਥਾਂ 'ਤੇ ਸਹੂਲਤ ਪ੍ਰਾਪਤ ਹੋਵੇਗੀ |
ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੋਰੋਨਾ ਵਾਇਰਸ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਜਲਦ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵੈਕਸੀਨ ਨੂੰ ਸਟੋਰ ਕਰਨ ਲਈ ਵਿਭਾਗ ਵਲੋਂ ਕੋਲਡ ਚੇਨ ਆਦਿ ਦੀ ਵਿਵਸਥਾ ਯਕੀਨੀ ਬਣਾ ਲਈ ਗਈ ਹੈ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਵੈਕਸੀਨ ਨਹੀਂ ਆਉਾਦੀ ਸਾਨੂੰ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ ਅਤੇ ਹੋਰ ਸਾਵਧਾਨੀਆਂ ਵੀ ਵਰਤਨੀਆਂ ਚਾਹੀਦੀਆਂ ਹਨ | 
ਇਸ ਤੋਂ ਇਲਾਵਾ ਡਾਕਟਰਾਂ ਦੀ ਕਮੀ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਜ਼ਿਲੇ੍ਹ ਅੰਦਰ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਹੋਰ ਮਾਹਰ ਡਾਕਟਰਾਂ ਨੂੰ ਵੀ ਫ਼ਾਜ਼ਿਲਕਾ ਅੰਦਰ ਜਲਦ ਲਗਾਇਆ ਜਾਵੇਗਾ |  ਸਿਹਤ ਮੰਤਰੀ ਨੇ ਦਸਿਆ ਕਿ ਜ਼ਿਲੇ੍ਹ ਦੇ ਹਰੇਕ ਹਲਕੇ ਦੇ ਵਿਕਾਸ ਲਈ 25-25 ਕਰੋੜ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ ਤਾਂ ਜ਼ੋ ਜ਼ਿਲੇ੍ਹ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ |