ਕਿਸਾਨ ਘੋਲ ਲਈ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਅਸਤੀਫ਼ੇ ਦੇਣ : ਜਥੇਦਾਰ ਬ੍ਰਹਮਪੁਰਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਘੋਲ ਲਈ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਅਸਤੀਫ਼ੇ ਦੇਣ : ਜਥੇਦਾਰ ਬ੍ਰਹਮਪੁਰਾ

image

ਤਰਨਤਾਰਨ, 22 ਦਸੰਬਰ (ਅਜੀਤ ਸਿੰਘ ਘਰਿਆਲਾ): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਸਾਬਕਾ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਾਰਤ ਸਰਕਾਰ ਦੇ ਅੜੀਅਲ ਵਤੀਰੇ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਦੇ ਸਮੂਹ ਲੋਕ ਸਭਾ ਮੈਂਬਰਾਂ ਅਤੇ ਰਾਜ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਘਰਸ਼ ਨੂੰ ਦਿਲੋਂ ਸਹਿਯੋਗ ਦੇਣ ਲਈ ਕੇਂਦਰੀ ਹਕੂਮਤ ਵਲੋਂ ਜ਼ਬਰਦਸਤੀ ਕਿਸਾਨਾਂ ਉਪਰ ਠੋਸੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਅਪਣੇ ਅਸਤੀਫ਼ੇ ਲੋਕ ਸਭਾ ਦੇ ਸਪੀਕਰ ਨੂੰ ਦੇਣ ਦਾ ਐਲਾਨ ਕਰਨ। 
ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਸੰਘਰਸ਼ ਪੂਰੀ ਦੁਨੀਆਂ ਦੀ ਨਜ਼ਰ ਵਿਚ ਆ ਚੁੱਕਿਆ ਹੈ, ਜੇ ਪੰਜਾਬ ਨਾਲ ਸਬੰਧਤ ਅਕਾਲੀ, ਕਾਂਗਰਸੀ ਅਤੇ ਆਪ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਅਸਤੀਫ਼ੇ ਦੇ ਦਿੰਦੇ ਹਨ ਤਾਂ ਨਰਿੰਦਰ ਮੋਦੀ ਦੀ ਹਕੂਮਤ ਨੂੰ ਰਾਜਨੀਤਕ ਤੌਰ ’ਤੇ ਬੇਹੱਦ ਕਰਾਰਾ ਜਵਾਬ ਹੋਵੇਗਾ।  ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਕਾਲੇ ਕਾਨੂੰਨ ਬਣਾਉਣ ਵੇਲੇ ਜੇਕਰ ਪੰਜਾਬ ਨਾਲ ਸਬੰਧਤ ਸੰਸਦ ਮੈਂਬਰਾਂ ਨੇ ਪੂਰੀ ਇਕਜੁਟਤਾ ਨਾਲ ਭੂਮਿਕਾ ਨਿਭਾਈ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਠੰਢੀਆਂ ਰਾਤਾਂ ਬੱਚਿਆਂ, ਬਿਰਧ ਬਜ਼ੁਰਗਾਂ ਨਾਲ ਨਾ ਗੁਜ਼ਾਰਨੀਆਂ ਪੈਂਦੀਆਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਉਹ ਸਰਹੱਦ ਉਪਰ ਫ਼ੌਜੀ ਜਾਂ ਦਿੱਲੀ ਅੰਦਰ ਸਮਾਜ ਵਿਰੋਧੀ ਅਨਸਰਾਂ ਵਿਰੁਧ ਜਦੋਜਹਿਦ ਕਰ ਕੇ ਸ਼ਹੀਦ ਹੋਣ ਵਾਲੇ ਫ਼ੌਜੀਆਂ ਤੇ ਪੁਲਿਸ ਕਰਮੀਆਂ ਦੇ ਪ੍ਰਵਾਰਾਂ ਨੂੰ ਇਕ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਲੀ ਸਰਕਾਰ ਦਿੰਦੀ ਹੈ ਉਸੇ ਤਰ੍ਹਾਂ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਵੀ ਇਹ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰੇ । ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਸ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।  
ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਵਿਧਾਨ ਸਭਾ ਦੇ 117 ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਘਰ ਮੂਹਰੇ ਕਾਲੇ ਕਾਨੂੰਨ ਵਾਪਸ ਲੈਣ ਤੱਕ ਭੁੱਖ ਹੜਤਾਲ ’ਤੇ ਬੈਠਣ।