ਮਨੁੱਖੀ ਹੱਕਾਂ ਤੇ ਮਾਨਵੀ ਸੰਵੇਦਨਾ ਦੀ ਗੱਲ ਕਰਦਾ ਪੰਜਾਬੀ ਨਾਟਕ ‘ਭੱਠ ਖੇੜਿਆਂ ਦਾ ਰਹਿਣਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਟਕ ਵਿਚ ਸਾਰੇ ਕਲਾਕਾਰਾਂ ਨੇ ਅਪਣਾ ਕਿਰਦਾਰ ਬਾਖ਼ੂਬੀ ਨਿਭਾਇਆ

Punjabi Play

ਚੰਡੀਗੜ੍ਹ, : ਝੂਠੇ ਪੁਲਿਸ ਮੁਕਾਬਲੇ ਕੋਈ ਨਵਾਂ ਵਰਤਾਰਾ ਨਹੀਂ ਹੈ। ਪੰਜਾਬ ਵਿਚ ਡਾਕੂਆਂ ਦੇ ਸਮੇਂ ਤੋਂ ਲੈ ਕੇ ਨਕਸਲਵਾਦੀ ਲਹਿਰ ਤੇ ਫਿਰ ਖਾੜਕੂ ਲਹਿਰ ਤਕ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਨੂੰ ਅੰਜ਼ਾਮ ਦਿਤਾ ਜਾਂਦਾ ਰਿਹਾ ਹੈ। ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਪ੍ਰੋ. ਅਜਮੇਰ ਸਿੰਘ ਔਲਖ ਵਲੋਂ ਲਿਖੇ ਪੰਜਾਬੀ ਨਾਟਕ ‘ਭੱਠ ਖੇੜਿਆਂ ਦਾ ਰਹਿਣਾ’ ਦਾ ਮੰਚਨ ਪੰਜਾਬ ਕਲਾ ਭਵਨ ਚੰਡੀਗੜ੍ਹ ਦੇ ਰੰਧਾਵਾ ਆਡੀਟੋਰੀਅਮ ਵਿਚ ‘ਮਾਲਵਾ ਕਲਚਰਲ ਐਂਡ ਸੋਸ਼ਲ ਵੈਲਫ਼ੇਅਰ ਸੁਸਾਇਟੀ’ ਵਲੋਂ ਕੀਤਾ ਗਿਆ।

ਰੰਗਕਰਮੀ ਪ੍ਰੀਤਮ ਰੁਪਾਲ ਦੇ ਨਿਰਦੇਸ਼ਨ ਹੇਠ ਖੇਡੇ ਗਏ ਇਸ ਨਾਟਕ ਵਿਚ ਸਾਰੇ ਕਲਾਕਾਰਾਂ ਨੇ ਅਪਣਾ ਕਿਰਦਾਰ ਬਾਖ਼ੂਬੀ ਨਿਭਾਇਆ। ਇਹ ਨਾਟਕ ਭਾਵੇਂ ਇਕ ਝੂਠੇ ਪੁਲਿਸ ਮੁਕਾਬਲੇ ਦੇ ਕਥਾਨਕ ਉਪਰ ਸਿਰਜਿਆ ਗਿਆ ਪਰ ਇਸ ਨਾਟਕ ਵਿਚ ਮਨੁੱਖੀ ਹੱਕਾਂ ਦੀ ਗੱਲ ਉਸ ਸਮੇਂ ਸਿਖ਼ਰ ’ਤੇ ਪਹੁੰਚਦੀ ਹੈ ਜਦ ਪੁਲਿਸ ਦਾ ਇਕ ਕਾਂਸਟੇਬਲ ਨਿਰਮਲ ਸਿੰਘ (ਬਲਬੀਰ ਭੌਰਾ) ਜ਼ਿਲ੍ਹੇ ਦੇ ਸੱਭ ਤੋਂ ਵੱਡੇ ਪੁਲਿਸ ਅਫ਼ਸਰ (ਰਣਜੀਤ ਸਿੰਘ ਮਾਨ) ਨੂੰ ਇਹ ਸਵਾਲ ਕਰਦਾ ਹੈ ਕਿ ਜੇ ਫੜੇ ਗਏ ਬਾਗ਼ੀਆਂ ਨੂੰ ਗੋਲੀ ਮਾਰਨਾ ਜਾਇਜ਼ ਹੈ ਤਾਂ ਸਰਕਾਰ ਪਹਿਲਾਂ ਇਹ ਕਾਨੂੰਨ ਬਣਾ ਦੇਵੇ ਕਿ ਫੜੇ ਗਏ ਲੋਕਾਂ ਨੂੰ ਗੋਲੀ ਮਾਰਨਾ ਕਾਨੂੰਨ ਦੇ ਅਧੀਨ ਹੈ। ਨਾਟਕਕਾਰ ਇਸ ਪਾਤਰ ਰਾਹੀਂ ਹੀ ਮਨੁੱਖੀ ਹੱਕਾਂ ਦੀ ਗੱਲ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਜਦ ਉਹ ਐਸ.ਐਸ.ਪੀ. ਕੋਲ ਅਰਜ਼ੋਈ ਕਰਦਾ ਹੈ ਕਿ ਹਿਰਾਸਤ ਵਿਚ ਲਏ ਗਏ ਬੰਦਿਆਂ ਨੂੰ ਪੁਲਿਸ ਮੁਕਾਬਲੇ ਰਾਹੀਂ ਗੋਲੀ ਮਾਰਨਾ ਕਾਨੂੰਨ ਦੀ ਰਾਖੀ ਨਹੀਂ ਬਲਕਿ ਕਾਨੂੰਨ ਦੀ ਉਲੰਘਣਾ ਹੈ।

ਨਾਟਕ ਉਸ ਸਮੇਂ ਅਪਣੀ ਚਰਮ ਸੀਮਾ ’ਤੇ ਪਹੁੰਚਦਾ ਹੈ ਜਦ ਕਾਂਸਟੇਬਲ ਨਿਰਮਲ ਸਿੰਘ ਕਾਲਜ ਵਿਚ ਅਪਣੇ ਨਾਲ ਪੜ੍ਹਦੇ ਵਿਦਿਆਰਥੀ ਆਗੂ ਦਰਸ਼ਨ ਨੂੰ ਗੋਲੀ ਮਾਰਨ ਲਈ ਮਜਬੂਰ ਹੁੰਦਾ ਹੈ। ਉਹ ਕਾਲਜ ਦੇ ਦਿਨਾਂ ਵਿਚ ਦਰਸ਼ਨ ਵਲੋਂ ਪਿਲਾਈ ਚਾਹ ਦਾ ਕਰਜ਼ਾ ਉਸ ਦੇ ਆਖਰੀ ਪਲਾਂ ਦੌਰਾਨ ਸ਼ਰਾਬ ਪਿਲਾ ਕੇ ਲਾਹੁਣਾ ਚਾਹੁੰਦਾ ਹੈ। ਨਾਟਕ ਇਹ ਸੁਨੇਹਾ ਦਿੰਦਾ ਖ਼ਤਮ ਹੁੰਦਾ ਹੈ ਕਿ ਝੂਠੇ ਪੁਲਿਸ ਮੁਕਾਬਲੇ ਭਾਵੇਂ ਅਖ਼ਬਾਰ ਦੀ ਆਮ ਸੁਰਖ਼ੀ ਬਣ ਕੇ ਰਹਿ ਜਾਂਦੇ ਹਨ ਪਰ ਇਸ ਵਰਤਾਰੇ ਕਾਰਨ ਕਿੰਨਿਆਂ ਹੀ ਲੋਕਾਂ ਦੀ ਸੰਵੇਦਨਾ ਅਤੇ ਜਜ਼ਬਾਤ ਦਾ ਕਤਲ ਹੁੰਦਾ ਹੈ।

ਨਾਟਕ ਦੌਰਾਨ ਹੋਰਨਾਂ ਪਾਤਰਾਂ ਦੀ ਭੂਮਿਕਾ ਬਲਵੀਰ ਸਿੰਘ ਗਿੱਲ (ਡੀ.ਐਸ.ਪੀ.), ਜਗਜੀਤ ਸਿੰਘ ਸ਼ੇਰਗਿੱਲ (ਐਸ.ਆਈ.), ਕਮਲ ਸ਼ਰਮਾ ਅਤੇ ਸੁਖਵੰਤ ਸਿੰਘ ਬਦੇਸ਼ਾ (ਹੈੱਡ ਕਾਂਸਟੇਬਲ), ਭੋਲਾ ਕਲਹਿਰੀ ਅਤੇ ਭੁਪਿੰਦਰ ਝੱਜ (ਕਾਂਸਟੇਬਲ), ਚਰਨਜੀਤ ਸਿੰਘ ਸਿੱਧੂ (ਕਾਮਾ), ਦਰਸ਼ਨ ਸਿੰਘ ਪਤਲੀ (ਬਾਗ਼ੀ ਲਾਲ ਸਿੰਘ) ਅਤੇ ਪ੍ਰੀਤਮ ਰੁਪਾਲ (ਬਾਗ਼ੀ ਦਰਸ਼ਨ ਸਿੰਘ) ਨੇ ਬਾਖ਼ੂਬੀ ਨਿਭਾਈ। ਇਸ ਨਾਟਕ ਦੇ ਪਿਠ ਭੂਮੀ ਗੀਤ ਮਲਕੀਤ ਸਿੰਘ ਮੰਗਾ ਨੇ ਪੇਸ਼ ਕੀਤੇ।