ਚਮਕੌਰ ਸਾਹਿਬ ਵਿਖੇ ਬਾਬਾ ਬਲਬੀਰ ਸਿੰਘ ਦੀ ਅਗਵਾਈ ’ਚ ਨਿਹੰਗ ਸਿੰਘਾਂ ਨੇ ਕਢਿਆ ਮਹੱਲਾ

ਏਜੰਸੀ

ਖ਼ਬਰਾਂ, ਪੰਜਾਬ

ਚਮਕੌਰ ਸਾਹਿਬ ਵਿਖੇ ਬਾਬਾ ਬਲਬੀਰ ਸਿੰਘ ਦੀ ਅਗਵਾਈ ’ਚ ਨਿਹੰਗ ਸਿੰਘਾਂ ਨੇ ਕਢਿਆ ਮਹੱਲਾ

image

ਚਮਕੌਰ ਸਾਹਿਬ, 22 ਦਸੰਬਰ (ਲੱਖਾ): ਗੁਰਦੁਆਰਾ ਰਣਜੀਤਗੜ੍ਹ, ਪਾ:10ਵੀਂ ਚਮਕੌਰ ਸਾਹਿਬ ਛਾਉਣੀ ਬੁੱਢਾ ਦਲ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਅਤੇ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਮਹੱਲੇ ਦੀ ਆਰੰਭਤਾ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਰਣਜੀਤ ਗੜ੍ਹ, ਪਾ:10 ਵੀਂ ਚਮਕੌਰ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਅਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਮਰਿਆਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। 
ਨਰਸਿੰÇਙਆਂ ਬੈਂਡ ਵਾਜਿਆਂ ਦੀ ਸ਼ਬਦੀ ਧੁਨਾਂ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਇਹ ਨਿਹੰਗ ਸਿੰਘਾਂ ਦਾ ਮਹੱਲਾ ਗੁਰਦੁਆਰਾ ਰਣਜੀਤਗੜ੍ਹ ਤੋਂ ਆਰੰਭ ਹੋ ਕੇ ਚਮਕੌਰ ਸਾਹਿਬ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਖੁਲ੍ਹੀ ਗਰਾਊਂਡ ਵਿਚ ਪੁਜਾ ਜਿਥੇ ਨਿਹੰਗ ਸਿੰਘਾਂ ਨੇ ਘੋੜਿਆਂ ਦੀਆਂ ਦੌੜਾਂ ਕਰਵਾਈਆਂ। ਮਹੱਲੇ ਵਿਚ ਨਿਹੰਗ ਸਿੰਘ ਦਲਾਂ ਦੇ ਮੁਖੀਆਂ ਤੇ ਵੱਡੀ ਗਿਣਤੀ ਵਿਚ ਨਿਹੰਗ ਸਿੰਘਾਂ ਦੀ ਫ਼ੌਜ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ। ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿਚ ਜੰਗੀ ਮਾਹੌਲ ਦਾ ਦਿ੍ਰਸ਼ ਪੇਸ਼ ਕਰ ਰਹੇ ਸਨ। ਉਪਰੰਤ ਨਿਹੰਗ ਸਿੰਘਾਂ ਨੇ ਗਤਕਾ, ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟੇ ਅਤੇ ਇਕ ਤੋਂ ਦੋ, ਦੋ ਤੋਂ ਚਾਰ ਘੋੜਿਆਂ ਦੀ ਸਵਾਰੀ ਕਰ ਕੇ ਜੰਗੀ ਕਰਤੱਬ ਦਿਖਾਏ ਅਤੇ ਵੱਧ ਤੋਂ ਵੱਧ ਕਿੱਲੇ੍ਹ ਪੁੱਟਣ ਤੇ ਇਨਾਮ ਪ੍ਰਾਪਤ ਕੀਤੇ। ਗਤਕੇ ਦੇ ਖੁਲ੍ਹੇ ਪ੍ਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਗਤਕੇ ਦੇ ਜੌਹਰ ਵਿਖਾਏ।
ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਜਿਹੜੀ ਕੌਮ ਦੀ ਜੁਆਨੀ ਬਹਾਦਰ ਤੇ ਅਣਖੀਲੀ ਹੁੰਦੀ ਹੈ ਉਸ ਕੌਮ ਨੂੰ ਗ਼ੁਲਾਮ ਬਣਾਉਣ ਲਈ ਵੱਡੀ ਤੋਂ ਵੱਡੀ ਤਾਕਤਵਰ ਧਿਰ ਵੀ ਸਮਰੱਥ ਨਹੀਂ ਹੋ ਸਕਦੀ। ਜਿਹੜੀ ਕੌਮ ਦੇ ਲੋਕ ਡਰਪੋਕ ਤੇ ਸੁਆਰਥੀ ਹੋਣ ਉਹ ਕੌਮ ਸਿਰ ਸੁਟ ਕੇ ਜਿਊਣ ਵਾਲੇ ਗੁਲਾਮਾਂ ਵਿਚ ਸ਼ਾਮਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦਸਮ ਪਿਤਾ ਦੇ ਸਾਹਿਬਜ਼ਾਦਿਆਂ ਨੇ ਕੌਮ ਦੀ ਅਗਵਾਈ ਕਰਦਿਆਂ ਕੌਮ ਨੂੰ ਅਣਖ, ਦਲੇਰ, ਨਿਰਭੈਅ ਹੋ ਕੇ ਜਿਊਣ ਦਾ ਮਾਰਗ ਦਿਤਾ। ਉਸ ਮਾਰਗ ਤੇ ਚੱਲਣ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਚਾਰਮਈ ਹੋਣਾ ਚਾਹੀਦਾ ਹੈ।