ਲੁਧਿਆਣਾ ਕੋਰਟ ਕੰਪਲੈਕਸ ਧਮਾਕਾ: ਰਵਨੀਤ ਬਿੱਟੂ ਨੇ ਘਟਨਾ ਦੀ ਤਹਿ ਤੱਕ ਜਾਣ ਦਾ ਦਿਵਾਇਆ ਭਰੋਸਾ
ਅਦਾਲਤ 'ਚ ਹੋਇਆ ਜ਼ਬਰਦਸਤ ਧਮਾਕਾ
ਲੁਧਿਆਣਾ : ਲੁਧਿਆਣਾ ਦੀ ਅਦਾਲਤ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਘਟਨਾ 'ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ, ਜਦਕਿ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਦੂਜੇ ਪਾਸੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇਸ ਘਟਨਾ ਨੂੰ ਭਿਆਨਕ ਦੱਸਿਆ ਹੈ।
ਉਹਨਾਂ ਟਵੀਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਚ ਅੱਜ ਇੱਕ ਬਹੁਤ ਹੀ ਭਿਆਨਕ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਪੁਲਿਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਮੈਂ ਸਾਰਿਆਂ ਨੂੰ ਮਜ਼ਬੂਤ ਅਤੇ ਸੁਰੱਖਿਅਤ ਰਹਿਣ ਦੀ ਬੇਨਤੀ ਕਰਦਾ ਹਾਂ। ਨੁਕਸਾਨ ਦਾ ਮੁਲਾਂਕਣ ਬਹੁਤ ਜਲਦੀ ਕੀਤਾ ਜਾਵੇਗਾ ਅਤੇ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਸ ਘਟਨਾ ਦੀ ਤਹਿ ਤੱਕ ਪਹੁੰਚਣ ਲਈ ਸਭ ਕੁੱਝ ਕਰਾਂਗੇ।
ਘਟਨਾ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਜਾ ਰਹੇ CM ਚੰਨੀ ਤੇ ਡਿਪਟੀ CM ਰੰਧਾਵਾ
ਧਮਾਕੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਲੁਧਿਆਣਾ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ “ਮੈਂ ਲੁਧਿਆਣਾ ਜਾ ਰਿਹਾ ਹਾਂ। ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਕੁੱਝ ਦੇਸ਼ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਕਰ ਰਹੇ ਹਨ। ਸਰਕਾਰ ਚੌਕਸ ਹੈ। ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।” ਧਮਾਕੇ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਪੁਲਿਸ, ਬੰਬ ਦਸਤਾ ਅਤੇ ਅਪ੍ਰੇਸ਼ਨ ਸੈਲ ਮੌਕੇ ‘ਤੇ ਪੁੱਜੇ ਹੋਏ ਹਨ।
ਅਰਵਿੰਦ ਕੇਜਰੀਵਾਲ ਨੇ ਵੀ ਲੁਧਿਆਣਾ ਧਮਾਕੇ 'ਤੇ ਜਤਾਇਆ ਦੁੱਖ
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲਾਂ ਬੇਅਦਬੀ, ਹੁਣ ਧਮਾਕਾ। ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਪੰਜਾਬ ਦੇ 3 ਕਰੋੜ ਲੋਕ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਾਨੂੰ ਇੱਕ ਦੂਜੇ ਦਾ ਹੱਥ ਫੜਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਖ਼ਬਰ ਸੁਣ ਕੇ ਦੁੱਖ ਹੋਇਆ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।