ਪੰਜਾਬ ਚੋਣਾਂ 'ਚ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦੇਵੇਗੀ ਕਾਂਗਰਸ!, ਕਈ ਦਿੱਗਜ਼ਾਂ ਨੂੰ ਝਟਕਾ
ਦਸੰਬਰ ਦੇ ਆਖਰੀ ਹਫਤੇ ਰਾਹੁਲ ਗਾਂਧੀ ਪੰਜਾਬ 'ਚ ਵਜਾਉਣਗੇ ਚੋਣਾਂ ਦਾ ਬਿਗੁਲ
ਚੰਡੀਗੜ੍ਹ - ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਕਈ ਕਾਂਗਰਸੀ ਦਿੱਗਜਾਂ ਨੂੰ ਝਟਕਾ ਦਿੱਤਾ ਹੈ। ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਬੈਠਕ ਬੁੱਧਵਾਰ ਰਾਤ ਨੂੰ ਦਿੱਲੀ 'ਚ ਹੋਈ, ਜਿਸ ਦੀ ਪ੍ਰਧਾਨਗੀ ਅਜੇ ਮਾਕਨ ਨੇ ਕੀਤੀ। ਇਸ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਚੋਣਾਂ ਵਿਚ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਟਿਕਟ ਦਿੱਤੀ ਜਾਵੇਗੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ।
ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਸੀਐਮ ਚਰਨਜੀਤ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਬੱਸੀ ਪਠਾਣਾ ਤੋਂ ਚੋਣ ਲੜਨ ਦੇ ਚਾਹਵਾਨ ਹਨ। ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਕਪੂਰਥਲਾ ਤੋਂ ਮੰਤਰੀ ਰਾਣਾ ਗੁਰਜੀਤ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਸੁਲਤਾਨਪੁਰ ਲੋਧੀ ਤੋਂ ਚੋਣ ਲੜੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰੀਸ਼ ਚੌਧਰੀ ਨੇ ਦੱਸਿਆ ਕਿ ਅਗਲੀ ਮੀਟਿੰਗ ਵਿਚ 117 ਸੀਟਾਂ ’ਤੇ ਚਰਚਾ ਕਰਕੇ ਉਮੀਦਵਾਰਾਂ ਦੇ ਨਾਵਾਂ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਅਹਿਮ ਫੈਸਲਾ ਲਿਆ ਗਿਆ ਹੈ। ਟਿਕਟ 'ਇੱਕ ਪਰਿਵਾਰ ਦੇ ਸਿਰਫ਼ ਇੱਕ ਮੈਂਬਰ' ਨੂੰ ਦਿੱਤੀ ਜਾਵੇਗੀ। ਇਸ ਦੌਰਾਨ ਮਾਕਨ ਨੇ ਕਿਹਾ ਕਿ ਸਾਰਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਜਲਦੀ ਹੀ ਇਕ ਹੋਰ ਮੀਟਿੰਗ ਬੁਲਾਈ ਜਾਵੇਗੀ।