ਦਰਬਾਰ ਸਾਹਿਬ ਵਿਖੇ 1990 ਤਕ ਵੱਡੀ ਕਿ੍ਰਪਾਨ ਦਰਬਾਰੀ ਸਜਾਵਟ ਦਾ ਅੰਗ ਨਹੀਂ ਬਣੀ : ਜਾਚਕ

ਏਜੰਸੀ

ਖ਼ਬਰਾਂ, ਪੰਜਾਬ

ਦਰਬਾਰ ਸਾਹਿਬ ਵਿਖੇ 1990 ਤਕ ਵੱਡੀ ਕਿ੍ਰਪਾਨ ਦਰਬਾਰੀ ਸਜਾਵਟ ਦਾ ਅੰਗ ਨਹੀਂ ਬਣੀ : ਜਾਚਕ

image

ਕੋਟਕਪੂਰਾ, 22 ਦਸੰਬਰ (ਗੁਰਿੰਦਰ ਸਿੰਘ) : ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰੰਪਰਾਗਤ ਮਰਿਯਾਦਾ ਮੁਤਾਬਕ ਸੰਨ 1990 ਤਕ ਇਕ ਤੇਜ਼ਧਾਰ ਵੱਡੀ ਕਿ੍ਰਪਾਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਤਖ਼ਤ ਰੂਪ ਮੰਜੀ ਹੇਠ ਹੀ ਰੱਖੀ ਜਾਂਦੀ ਰਹੀ, ਤਾਂ ਕਿ ਕਿਸੇ ਗੁਰੂ-ਦੋਖੀ ਦੁਸ਼ਟ ਵਲੋਂ ਗੁਰੂ ਦਰਬਾਰ ਦੀ ਬੇਹੁਰਮਤੀ ਦੇ ਯਤਨ ਮੌਕੇ ਗੁਰੂ-ਤਾਬੇ ਬੈਠਾ ਗ੍ਰੰਥੀ ਜਾਂ ਚੌਰ ਬਰਦਾਰ ਸਿੰਘ ਸੁਰੱਖਿਅਤ ਪਹਿਰੇਦਾਰੀ ਦਾ ਆਪਣਾ ਮੁੱਢਲਾ ਫਰਜ਼ ਨਿਭਾਅ ਸਕੇ ਪਰ ਇਸ ਤੋਂ ਪਿੱਛੋਂ ਕਿਸੇ ਸ਼ਰਧਾਲੂ ਵਲੋਂ ਭੇਟ ਕੀਤੀ ਇਕ ਸੁਨਹਿਰੀ ਕਿ੍ਰਪਾਨ ਵੀ ਫੁੱਲਾਂ ਵਾਂਗ ਹੀ ਦਰਬਾਰੀ ਸਜਾਵਟ ਦਾ ਅੰਗ ਬਣਾ ਦਿਤੀ ਗਈ ਜਿਸ ਨੂੰ ਕਿਸੇ ਸਾਜ਼ਸ਼ ਤਹਿਤ ਗੁਰੂ ਦਰਬਾਰ ਦੀ ਬੇਹੁਰਮਤੀ ਕਰਨ ਭੇਜੇ ਦੁਸ਼ਟ ਨੇ 18 ਦਸੰਬਰ ਦੀ ਸ਼ਾਮ ਮੌਕੇ ਵਰਤਣ ਦਾ ਅਸਫ਼ਲ ਯਤਨ ਕੀਤਾ। 
ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ‘ਰੋਜ਼ਾਨਾ ਸਪੋਕਸਮੈਨ’ ਨਾਲ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸਪੱਸ਼ਟ ਕੀਤਾ ਕਿ ਸਿੱਖ ਜਗਤ ਦੇ ਬੁੱਧੀਜੀਵੀ ਵਰਗ ਦੀ ਦਿ੍ਰਸ਼ਟੀ ’ਚ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਵੀ ਪ੍ਰਕਾਸ਼ ਅਸਥਾਨ ਵਿਖੇ ਸ਼ਸਤਰਾਂ ਦੀ ਸਜਾਵਟੀ ਪ੍ਰਦਰਸ਼ਨੀ ਕਰਨੀ ਗੁਰਮਤਿ ਦੀ ਸਿਧਾਂਤਕ ਤੇ ਸ਼ਸਤਰ-ਨੀਤੀ ਦੇ ਅਨੁਕੂਲ ਨਹੀਂ ਮੰਨੀ ਜਾਂਦੀ। ਕਾਰਨ ਹੈ ਕਿ ਇਕ ਤਾਂ ਸਿੱਖੀ ’ਚ ਸ਼ਸਤਰ ਕਿਸੇ ਪ੍ਰਕਾਰ ਦੀ ਪੂਜਾ ਜਾਂ ਪ੍ਰਦਰਸ਼ਨੀ ਦਾ ਅੰਗ ਨਹੀਂ ਮੰਨੇ ਜਾਂਦੇ, ਕਿਉਂਕਿ ਉਹ ਤਾਂ ਅਪਣੇ ਸਮੇਤ ਗ਼ਰੀਬ ਦੀ ਸੁਰੱਖਿਆ ਅਤੇ ਜ਼ਾਲਮ ਜਰਵਾਣੇ ਦੀ ਭਖਿਆ ਲਈ ਵਰਤੋਂ ਦੇ ਸੰਦ ਮੰਨੇ ਗਏ ਹਨ। ਦੂਜੇ, ਸ਼ਸਤਰਾਂ ਦੀ ਵਿਦਿਅਕ ਨੀਤੀ ਮੁਤਾਬਕ ਵੀ ਕਿਸੇ ਪ੍ਰਕਾਰ ਦੇ ਸ਼ਸਤਰ ਜਾਂ ਅਸਤਰ ਨੂੰ ਸੰਭਾਲ ਕੇ ਪਰਦੇ ’ਚ ਰੱਖਣਾ ਅਤਿਅੰਤ ਲਾਜ਼ਮੀ ਹੁੰਦਾ ਹੈ ਤਾਕਿ ਉਸ ਤਕ ਦੁਸ਼ਮਣ ਦੇ ਹੱਥ ਦੀ ਸਿੱਧੀ ਪਹੁੰਚ ਨਾ ਹੋ ਸਕੇ। 
ਚਿੰਤਾਜਨਕ ਪੱਖ ਇਹ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਕੇਵਲ ਇਕ ਤਲਵਾਰ ਨੂੰ ਦਰਬਾਰੀ ਸਜਾਵਟ ਲਈ ਵਰਤਿਆ ਗਿਆ ਪਰ ਉਸ ਦਾ ਸਿੱਟਾ ਇਹ ਨਿਕਲਿਆ ਕਿ ਸੰਸਾਰ-ਭਰ ਦੇ ਗੁਰਦੁਆਰਿਆਂ ਵਿਖੇ ਮਿਆਨ ਰਹਿਤ ਤੇਗਾਂ, ਤੀਰ ਤੇ ਚੱਕਰ ਆਦਿਕ ਹਥਿਆਰ ਗੁਰੂ-ਦਰਬਾਰ ਦੀ ਪ੍ਰਦਰਸ਼ਨਕ ਸਜਾਵਟ ਦਾ ਅੰਗ ਬਣ ਗਏ ਹਨ। 
ਕਈ ਥਾਈਂ ਤਾਂ ਹੁਣ ਇਉਂ ਜਾਪਦਾ ਹੈ, ਜਿਵੇਂ ਕੋਈ ਹਥਿਆਰਾਂ ਦੀ ਦੁਕਾਨ ਹੋਵੇ। ਗੁਰੂ ਗ੍ਰੰਥ ਜੀ ਮਹਾਰਾਜ ਤਾਂ “ਇਕਾ ਬਾਣੀ ਇਕੁ ਗੁਰੁ, ਇਕੋ ਸ਼ਬਦੁ ਵੀਚਾਰਿ’’ (ਪੰ.646) ਦੀ ਸੇਧ ਬਖ਼ਸ਼ਦੇ ਹਨ ਪਰ ਗੁਰੂ ਦਰਬਾਰਾਂ ਦੇ ਅਖ਼ਬਾਰੀ ਤੇ ਫ਼ਿਲਮੀ ਚਿਤਰਾਂ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸ਼ਸਤਰ ਹੀ ਗੁਰਸਿੱਖ ਸ਼ਰਧਾਲੂਆਂ ਦੇ ਪੂਜਕ ਗੁਰੂ-ਪੀਰ ਬਣ ਗਏ ਹੋਣ। ਦਰਬਾਰ ਸਾਹਿਬ ਦੀ ਮੰਦਭਾਗੀ ਦੁਰਘਟਨਾ ਤੋਂ ਪਹਿਲਾਂ ਵੀ ਕਿਸੇ ਗੁਰੂ ਦਰਬਾਰ ਵਿਖੇ ਕਿਸੇ ਸਾਜ਼ਸ਼ੀ ਦੁਸ਼ਟ ਵਲੋਂ ਗੁਰੂ ਦਰਬਾਰ ਵਿਖੇ ਪਈ ਤਲਵਾਰ ਦੀ ਦੁਰਵਰਤੋਂ ਕਰਨ ਦਾ ਯਤਨ ਕੀਤਾ ਗਿਆ ਸੀ। ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਦੀ ਧੜੇਬੰਦਕ ਲੜਾਈਆਂ ਮੌਕੇ ਵੀ ਪ੍ਰਕਾਸ਼ ਅਸਥਾਨ ਦੇ ਸਜਾਵਟੀ ਸ਼ਸ਼ਤਰਾਂ ਨੂੰ ਲੜਾਈ ਲਈ ਵਰਤਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ ਅਤਿਅੰਤ ਲੋੜੀਂਦਾ ਹੈ ਕਿ ਉਹ ਦਰਬਾਰ ਸਾਹਿਬ ਵਿਖੇ ਹੋਈ ਉਪਰੋਕਤ ਭੁੱਲ ਦੇ ਸੁਧਾਰ ਲਈ ਗੰਭੀਰਤਾ ਸਹਿਤ ਵਿਚਾਰਨ ਤਾਂ ਕਿ ਭਵਿੱਖ ’ਚ ਕੋਈ ਗੁਰੂ-ਦੋਖੀ ਜਾਂ ਗੁਰਮਤਿ ਸਿਧਾਂਤਾਂ ਤੋਂ ਅਗਿਆਤ ਵਿਅਕਤੀ ਗੁਰੂ ਦਰਬਾਰ ਦੇ ਸ਼ਸ਼ਤਰਾਂ ਦੀ ਕਿਸੇ ਪੱਖੋਂ ਵੀ ਦੁਰਵਰਤੋਂ ਨਾ ਕਰ ਸਕੇ।