ਸਿਹਤ ਮੰਤਰੀ ਜੌੜਾਮਾਜਰਾ ਵਲੋਂ ਆਯੁਰਵੈਦਿਕ ਅਤੇ ਹੋਮਿਓਪੈਥੀ ਵਿਭਾਗਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਚੌਕਸ ਰਹਿਣ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ ਦੀ ਮੌਜੂਦਾ ਸਥਿਤੀ  ਨੂੰ ਵੇਖਦਿਆਂ ਸਿਹਤ ਮੰਤਰੀ ਜੌੜਾਮਾਜਰਾ ਨੇ ਆਯੁਰਵੈਦ ਅਤੇ ਹੋਮਿਓਪੈਥਿਕ ਅਧਿਕਾਰੀਆਂ ਨੂੰ ਕੀਤਾ ਸੁਚੇਤ

Health Minister Jauramajra instructs Ayurvedic and Homeopathy departments to be vigilant in view of Corona

ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਪ੍ਰਧਾਨਗੀ ਵਿੱਚ ਅੱਜ ਪੰਜਾਬ ਸਕੱਤਰੇਤ ਦਫਤਰ ਵਿਖੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਮੰਤਰੀ ਨੇ ਵਿਭਾਗਾਂ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਵਿਭਾਗਾਂ ਦੇ ਕੰਮਕਾਜ ਨੂੰ  ਹੋਰ ਬਿਹਤਰ ਬਣਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ,  ਨੈਸ਼ਨਲ ਸਿਹਤ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਭਿਨਵ ਤਿ੍ਰਖਾ, ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ, ਹੋਮਿਓਪੈਥਿਕ ਵਿਭਾਗ ਦੇ ਡਾਇਰੈਕਟਰ ਤੋਂ ਇਲਾਵਾ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੇ ਸ਼ਿਰਕਤ ਕੀਤੀ।

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਆਯੁਰਵੇਦ ਸਾਡੇ ਦੇਸ਼ ਦੀ ਪੁਰਾਤਨ ਇਲਾਜ ਪ੍ਰਣਾਲੀ ਹੈ ਅਤੇ ਇਨਾਂ ਕੁਦਰਤੀ ਤਰੀਕਿਆਂ ਨਾਲ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ, ਇਸ ਲਈ ਸਾਨੂੰ ਹਰ ਘਰ ਵਿੱਚ ਆਯੁਰਵੇਦ ਨੂੰ ਪ੍ਰਫੁੱਲਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਤਾਂ ਜੋ ਹਰ ਨਾਗਰਿਕ ਤੰਦਰੁਸਤ ਤੇ ਸਿਹਤਯਾਬ ਰਹੇ। ਉਨਾਂ ਕਿਹਾ ਕਿ ਕੋਵਿਡ-19 ਵਿਰੁੱਧ ਜੰਗ ਦੌਰਾਨ ਆਯੁਰਵੈਦ ਅਤੇ ਹੋਮਿਓਪੈਥੀ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਮੌਸਮੀ ਬਿਮਾਰੀਆਂ ਨਾਲ ਨਜਿੱਠਣ ਲਈ ਵੀ ਆਯੁਰਵੈਦਿਕ ਕਾੜਾ ਬੇਹੱਦ ਲਾਹੇਵੰਦ ਸਾਬਤ ਹੋ ਰਿਹਾ ਹੈ।

ਜੌੜਾਮਾਜਰਾ ਨੇ ਕੋਵਿਡ-19 ਦੇ ਨਵੇਂ ਅਤੇ ਉੱਭਰ ਰਹੇ ਰੂਪਾਂ ਪ੍ਰਤੀ ਸੁਚੇਤ ਰਹਿਣ  ‘ਤੇ ਜੋਰ ਦਿੱਤਾ। ਉਨਾਂ ਸਪੱਸ਼ਟ ਕੀਤਾ ਕਿ ਕੋਵਿਡ ਅਜੇ ਪੂਰੀ ਤਰਾਂ ਖਤਮ ਨਹੀਂ ਹੋਇਆ ਹੈ ਅਤੇ ਅਧਿਕਾਰੀਆਂ ਨੂੰ ਪੂਰੀ ਤਰਾਂ ਤਿਆਰ ਰਹਿਣ ਅਤੇ ਮੁਸਤੈਦੀ ਨਾਲ ਨਿਗਰਾਨੀ  ਕਰਨ ਦੇ ਨਿਰਦੇਸ਼ ਦਿੱਤੇ ।