ਧੁੰਦ ਦਾ ਫਾਇਦਾ ਉਠਾਉਂਦੇ ਹੋਏ ਅੰਮ੍ਰਿਤਸਰ 'ਚ ਫਿਰ ਦਾਖਲ ਹੋਇਆ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਐਸਐਫ ਵੱਲੋਂ ਪਿਛਲੇ ਤਿੰਨ ਦਿਨਾਂ ਵਿੱਚ ਇਹ ਚੌਥੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।

photo

 

ਅੰਮ੍ਰਿਤਸਰ : ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਤਸਕਰ ਲਗਾਤਾਰ ਭਾਰਤੀ ਸਰਹੱਦ 'ਤੇ ਡਰੋਨ ਭੇਜ ਰਹੇ ਹਨ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਲਗਾਤਾਰ ਤੀਜੇ ਦਿਨ ਡਰੋਨ ਨੂੰ ਹੇਠਾਂ ਸੁੱਟਣ 'ਚ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਬੀਓਪੀ ਪੁਲ ਮੌੜ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 7.45 ਵਜੇ ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਆਵਾਜ਼ ਮੁਤਾਬਕ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਦੀਆਂ ਗੋਲੀਆਂ ਡਰੋਨ ਨੂੰ ਹੇਠਾਂ ਲਿਆਉਣ 'ਚ ਸਫਲ ਰਹੀਆਂ। ਡਰੋਨ ਦੇ ਟੁਕੜੇ ਖੇਤਾਂ ਵਿੱਚ 50 ਮੀਟਰ ਦੇ ਖੇਤਰ ਵਿੱਚ ਖਿੱਲਰੇ ਹੋਏ ਸਨ। ਜਿਸ ਨੂੰ ਜਵਾਨਾਂ ਨੇ ਜ਼ਬਤ ਕਰ ਲਿਆ ਹੈ।

ਬੀਐਸਐਫ ਅਧਿਕਾਰੀਆਂ ਮੁਤਾਬਕ, ਡਿੱਗਿਆ ਡਰੋਨ ਬਹੁਤ ਵੱਡਾ ਅਤੇ ਦਿੱਖ ਵਿੱਚ ਵੱਖਰਾ ਹੈ। ਫਿਲਹਾਲ ਇਸ ਨੂੰ ਜ਼ਬਤ ਕਰਕੇ ਜਾਂਚ ਲਈ ਭੇਜਿਆ ਜਾ ਰਿਹਾ ਹੈ, ਤਾਂ ਜੋ ਇਸ ਦੇ ਫਲਾਇੰਗ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਉਸ ਵੱਲੋਂ ਸੁੱਟੀ ਗਈ ਖੇਪ ਦਾ ਪਤਾ ਲਗਾਇਆ ਜਾ ਸਕੇ।

ਬੀਐਸਐਫ ਵੱਲੋਂ ਪਿਛਲੇ ਤਿੰਨ ਦਿਨਾਂ ਵਿੱਚ ਇਹ ਚੌਥੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਦੋ ਦਿਨ ਪਹਿਲਾਂ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਭੈਰੋਵਾਲ ਬੀਓਪੀ ਵਿਖੇ ਇੱਕ ਡਰੋਨ ਨੂੰ ਡੇਗਿਆ  ਸੀ। ਦੂਜੇ ਪਾਸੇ ਵੀਰਵਾਰ ਸਵੇਰੇ ਤਰਨਤਾਰਨ ਦੇ ਬੀਓਪੀ ਚੰਡੀਗੜ੍ਹ ਵਿਖੇ ਇੱਕ ਡਰੋਨ ਬਰਾਮਦ ਹੋਇਆ ਹੈ।
ਇਸ ਦੌਰਾਨ ਬੀਐਸਐਫ ਦੇ ਜਵਾਨਾਂ ਦਾ ਫਿਰੋਜ਼ਪੁਰ ਸੈਕਟਰ ਵਿੱਚ ਵੀ ਪਾਕਿਸਤਾਨੀ ਤਸਕਰਾਂ ਨਾਲ ਮੁਕਾਬਲਾ ਹੋਇਆ ਅਤੇ ਜਵਾਨਾਂ ਨੇ 25 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।