ਬਿਕਰਮ ਮਜੀਠੀਆ ਮਾਮਲਾ: ਅੱਜ ਨਹੀਂ ਲੱਗ ਸਕੇ 'ਚਾਰਜ', ਹੁਣ 2026 'ਚ ਹੋਵੇਗੀ ਅਗਲੀ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲੇ ਦੀ ਅਗਲੀ ਸੁਣਵਾਈ 3 ਜਨਵਰੀ 2026 ਤੈਅ

Bikram Majithia case: Charges could not be filed today, now next hearing will be in 2026

ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ 'ਆਮਦਨ ਤੋਂ ਵੱਧ ਜਾਇਦਾਦ' ਦੇ ਮਾਮਲੇ ਵਿੱਚ ਅੱਜ (ਮੰਗਲਵਾਰ) ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਅੱਜ ਦੀ ਕਾਰਵਾਈ ਦੌਰਾਨ ਮਜੀਠੀਆ 'ਤੇ ਦੋਸ਼ ਤੈਅ ਨਹੀਂ ਹੋ ਸਕੇ ਹਨ, ਜਿਸ ਕਾਰਨ ਹੁਣ ਇਹ ਪ੍ਰਕਿਰਿਆ ਅਗਲੇ ਸਾਲ 2026 ਵਿੱਚ ਚੱਲੇਗੀ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 3 ਜਨਵਰੀ 2026 ਤੈਅ ਕੀਤੀ ਹੈ।

ਵਿਜੀਲੈਂਸ ਵੱਲੋਂ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ

ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਮੋਹਾਲੀ ਅਦਾਲਤ ਵਿੱਚ ਮਜੀਠੀਆ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ। ਵਿਜੀਲੈਂਸ ਦੀ ਇਹ ਜਾਂਚ ਕਿੰਨੀ ਵੱਡੀ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਰਜਸ਼ੀਟ 40,000 ਤੋਂ ਵੱਧ ਪੰਨਿਆਂ ਦੀ ਹੈ। ਦਸਤਾਵੇਜ਼ਾਂ ਨੂੰ ਚਾਰ ਵੱਡੇ ਟਰੰਕਾਂ ਵਿੱਚ ਪਾ ਕੇ ਅਦਾਲਤ ਲਿਆਂਦਾ ਗਿਆ ਸੀ। ਇਸ ਕੇਸ ਵਿੱਚ 200 ਤੋਂ ਵੱਧ ਗਵਾਹ ਬਣਾਏ ਗਏ ਹਨ।

ਸੁਪਰੀਮ ਕੋਰਟ 'ਚ 19 ਜਨਵਰੀ ਨੂੰ ਸੁਣਵਾਈ

ਦੂਜੇ ਪਾਸੇ, ਬਿਕਰਮ ਮਜੀਠੀਆ ਨੇ ਆਪਣੀ ਜ਼ਮਾਨਤ ਲਈ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਸਰਵਉੱਚ ਅਦਾਲਤ ਵਿੱਚ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ 19 ਜਨਵਰੀ ਨੂੰ ਸੁਣਵਾਈ ਹੋਣੀ ਤੈਅ ਹੋਈ ਹੈ।