Moga ਦੇ ਸਾਬਕਾ ਐਮ.ਸੀ. ਨਰਿੰਦਰਪਾਲ ਸਿੱਧੂ ’ਤੇ ਹੋਈ ਫਾਈਰਿੰਗ
ਘਰ ਦੇ ਵਿਹੜੇ ’ਚ ਬੈਠੇ ਸਿੱਧੂ ਦੇ ਮੋਢੇ ਅਤੇ ਪੱਟ ’ਤੇ ਲੱਗੀਆਂ ਗੋਲੀਆਂ, ਇਲਾਜ ਲਈ ਹਸਪਤਾਲ ’ਚ ਕਰਵਾਇਆ
ਮੋਗਾ : ਮੋਗਾ ਦੇ ਸਾਬਕਾ ਐਮ.ਸੀ ਨਰਿੰਦਰ ਪਾਲ ਸਿੱਧੂ ’ਤੇ ਦੋ ਨਕਾਬਪੋਸ਼ਾਂ ਵੱਲੋਂ ਉਸ ਸਮੇਂ ਫਾਈਰਿੰਗ ਕੀਤੀ ਗਈ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿਚ ਬੈਠੇ ਸਨ। ਨਕਾਬਪੋਸ਼ਾਂ ਵੱਲੋਂ ਚਲਾਈਆਂ ਗੋਲੀਆਂ ਉਨ੍ਹਾਂ ਦੇ ਮੋਢੇ ਅਤੇ ਪੱਟ ਵਿਚ ਲੱਗੀਆਂ, ਜਿਸ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਫ਼ਿਲਹਾਲ ਠੀਕ ਦੱਸੀ ਜਾ ਰਹੀ ਹੈ।
ਜਾਣਕਾਰੀ ਸਾਂਝੀ ਕਰਦੇ ਹੋਏ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ। ਕਿਉਂਕਿ ਨਕਾਬਪੋਸ਼ਾਂ ਵੱਲੋਂ ਘਰ ਦੇ ਵਿਹੜੇ ਅੰਦਰ ਦਾਖਲ ਹੋ ਕੇ ਨਰਿੰਦਰਪਾਲ ਸਿੰਘ ਸਿੱਧੂ ’ਤੇ ਫਾਈਰਿੰਗ ਕੀਤੀ ਗਈ ਅਤੇ ਸਿੱਧੂ ਦੇ ਮੋਢੇ ਅਤੇ ਪੱਟ ’ਚ ਗੋਲੀਆਂ ਲੱਗੀਆਂ। ਪੁਲਿਸ ਵੱਲੋਂ ਨਕਾਬਪੋਸ਼ਾਂ ਦੀ ਪਛਾਣ ਲਈ ਨੇੜਲੇ ਸੀ.ਸੀ.ਟੀ. ਵੀ. ਖੰਗਾਲੇ ਜਾ ਰਹੇ ਤਾਂ ਜੋ ਆਰੋਪੀਆਂ ਦੀ ਪਹਿਚਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।