ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਐਕਸ਼ਨ, ਮੁਲਾਜ਼ਮਾਂ ਨੂੰ ਕੀਤਾ ਸਿੱਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਸਖਤੀ ਵਰਤ ਰਹੀ ਹੈ ਅਤੇ ਬੀਤੇ ਦਿਨੀ ਸ਼ਹਿਰੀ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੱਡੀ...

Tript Bajwa

ਚੰਡੀਗੜ੍ਹ : ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਸਖਤੀ ਵਰਤ ਰਹੀ ਹੈ ਅਤੇ ਬੀਤੇ ਦਿਨੀ ਸ਼ਹਿਰੀ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੱਡੀ ਕਾਰਵਾਈ ਕੀਤੀ। ਬਾਜਵਾ ਨੇ ਮੁਲਾਜ਼ਮਾਂ ਵੱਲੋਂ ਵਰਤੀ ਜਾਂਦੀ ਢਿੱਲ 'ਤੇ ਨਕੇਲ ਕੱਸਣ ਲਈ ਬੀਤੇ ਦਿਨੀ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਅਤੇ ਪੁੱਡਾ ਦੇ ਮੁੱਖ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦੀ ਕਲਾਸ ਲਾਈ।

ਦੱਸ ਦੇਈਏ ਕਿ ਮੰਤਰੀ ਬਾਜਵਾ  ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਜਸਕਰਨ ਸਿੰਘ ਨਾਲ ਸਵੇਰੇ 9.10 'ਤੇ ਵਿਕਾਸ ਭਵਨ ਪਹੁੰਚੇ ਅਤੇ ਦੇਰ ਨਾਲ ਆਉਣ ਵਾਲੇ ਮੁਲਾਜ਼ਮਾਂ ਨੂੰ ਐਂਟਰੀ ਗੇਟ 'ਤੇ ਹੀ ਝਾੜ ਪਾਈ। ਇਸ ਤੋਂ ਬਾਅਦ ਉਹ 9.20 ਵਜੇ ਵਿਕਾਸ ਭਵਨ ਦੇ ਨਾਲ ਲੱਗਦੇ ਪੁੱਡਾ ਭਵਨ ਪਹੁੰਚੇ ਜਿੱਥੇ ਉਨ੍ਹਾਂ ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀਮਤੀ ਗੁਰਨੀਤ ਤੇਜ ਨੂੰ ਗੈਰ ਹਾਜ਼ਿਰ ਰਹਿਣ ਵਾਲੇ ਅਤੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਦੀ ਰੀਪੋਰਟ ਦੇਣ ਦੇ ਨਿਰਦੇਸ਼ ਦਿੱਤੇ।

ਇਸ ਅਚਨਚੇਤ ਚੈਕਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅੱਜ ਮੁਲਾਜ਼ਮਾਂ ਨੂੰ ਸਿਰਫ ਤਾੜਨਾ ਕੀਤੀ ਹੈ ਪਰ ਡਿਊਟੀ ਤੋਂ ਦੁਬਾਰਾ ਫਿਰ ਗੈਰ ਹਾਜ਼ਰ ਪਾਏ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇ ਕਰਮਚਾਰੀ ਦੁਬਾਰਾ ਗੈਰ ਹਾਜ਼ਰ ਪਾਏ ਗਏ ਤਾਂ ਅਧਿਕਾਰੀ ਜਿੰਮੇਵਾਰ ਹੋਣਗੇ। ਬਾਜਵਾ ਨੇ ਇਹ ਵੀ ਕਿਹਾ ਕਿ ਫਾਈਲਾਂ 'ਤੇ ਗੈਰ ਜ਼ਰੂਰੀ ਇਤਰਾਜ਼ ਲਾਉਣ ਅਤੇ ਫਾਈਲਾਂ ਦੇ ਨਬੇੜੇ ਵਿੱਚ ਦੇਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਨਾਲ ਹੀ ਕਿਹਾ ਕਿ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਭ੍ਰਿਸ਼ਟ ਗਤੀਵਿਧੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ  ਉਦੇਸ਼ ਹੈ।