ਬ੍ਰਹਮਪੁਰਾ ਵਲੋਂ ਸੁਖਬੀਰ ਨੂੰ ਕੈਪਟਨ ਨਾਲ ਮੁਲਾਕਾਤ ਸਾਬਤ ਕਰਨ ਦੀ ਚੁਨੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਪ੍ਰਵਾਰ ਨੂੰ ਚੁਣੌਤੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕਰਨ ਵਾਲੇ ਮਾਝੇ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਵਲੋਂ........

Brahmpura challenges Sukhbir to prove his meeting with Captain

ਬਠਿੰਡਾ  : ਬਾਦਲ ਪ੍ਰਵਾਰ ਨੂੰ ਚੁਣੌਤੀ ਦੇ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕਰਨ ਵਾਲੇ ਮਾਝੇ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਦੇ ਕੀਤੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਇਸਨੂੰ ਸਾਬਤ ਕਰਨ ਜਾਂ ਫ਼ਿਰ ਸਿਆਸਤ ਛੱਡਣ ਦੀ ਚੁਣੌਤੀ ਦਿਤੀ ਹੈ। ਅਕਾਲੀ ਦਲ ਦਾ ਗਠਨ ਕਰਨ ਤੋਂ ਬਾਅਦ ਪਹਿਲੀ ਵਾਰ ਬਾਦਲਾਂ ਦੇ ਗੜ੍ਹ ਬਠਿੰਡਾ ਸ਼ਹਿਰ 'ਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨਾਲ ਮੀਟਿੰਗ ਕਰਨ ਪੁੱਜੇ ਸ: ਬ੍ਰਹਮਪੁਰਾ ਨੇ ਐਲਾਨ ਕੀਤਾ

ਕਿ ਜੇਕਰ ਉਨ੍ਹਾਂ ਦੀ ਕੈਪਟਨ ਨਾਲ ਮੁਲਾਕਾਤ ਦੀ ਗੱਲ ਸੱਚੀ ਹੈ ਤਾਂ ਸੁਖਬੀਰ ਸਿੰਘ ਬਾਦਲ ਪ੍ਰਵਾਰ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਨਹੀਂ ਤਾਂ ਉਹ ਪ੍ਰਵਾਰ ਸਹਿਤ ਉਥੇ ਜਾਣ ਲਈ ਤਿਆਰ ਹਨ। ਬ੍ਰਹਮਪੁਰਾ ਦੇ ਨਾਲ ਪੁੱਜੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਦੀ ਹਾਜ਼ਰੀ 'ਚ ਗਿਆਨੀ ਨੰਦਗੜ੍ਹ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਂਦਿਆਂ ਐਲਾਨ ਕੀਤਾ ਕਿ ਉਹ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੀ ਹਾਰ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨਗੇ।

ਗਿਆਨੀ ਨੰਦਗੜ੍ਹ ਦੇ ਘਰ ਇਕ ਭਰਵੀਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਖਡੂਰ ਸਾਹਿਬ ਹਲਕੇ ਤੋਂ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ 'ਚ ਮਹਾਂਗਠਜੋੜ ਬਣਨ ਦੀ ਪੂਰੀ ਉਮੀਦ ਜਤਾਉਂਦਿਆਂ ਦਾਅਵਾ ਕੀਤਾ ਕਿ ਅੱਜ ਮੁੜ ਆਪ ਦੇ ਆਗੂ ਭਗਵੰਤ ਮਾਨ ਸਹਿਤ ਹੋਰਨਾਂ ਕੁੱਝ ਆਗੂਆਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਇਕੱਠੇ ਚੱਲਣ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਭਰੋਸਾ ਦਿਤਾ ਹੈ। ਗੌਰਤਲਬ ਹੈ ਕਿ ਬੀਤੇ ਕੱਲ ਪੰਜਾਬ ਡੈਮੇਕਰੈਟਿਕ ਅਲਾਇੰਸ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਤੋਂ ਬਾਅਦ ਸ. ਬ੍ਰਹਮਪੁਰਾ ਨੇ ਦਾਅਵਾ ਕੀਤਾ ਸੀ ਕਿ 

ਆਪ ਆਗੂ ਭਗਵੰਤ ਮਾਨ ਨੇ ਖਹਿਰਾ ਅਤੇ ਬੈਂਸ ਭਰਾਵਾਂ ਨਾਲ ਗਠਜੋੜ ਵਿਚ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟਾਈ ਸੀ। ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾ ਅਤੇ ਰਤਨ ਸਿੰਘ ਅਜਨਾਲਾ ਨੇ ਇਹ ਵੀ ਐਲਾਨ ਕੀਤਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਹੀ ਨਹੀਂ, ਬਲਕਿ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਹਟਾਉਣ ਲਈ ਸਮੂਹ ਪੰਥਕ ਧਿਰਾਂ ਨਾਲ ਮਿਲਕੇ ਚੱਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਮੋਹਨ ਸਿੰਘ ਸਠਿਆਲਾ, ਜਥੇਦਾਰ ਮੱਖਣ ਸਿੰਘ ਨੰਗਲ, ਪ੍ਰਗਟ ਸਿੰਘ ਭੋਡੀਪੁਰਾ, ਦਮਨਜੀਤ ਸਿੰਘ ਆਦਿ ਹਾਜ਼ਰ ਸਨ।