ਹਵਾਰਾ ਵਲੋਂ ਬਰਗਾੜੀ ਮੋਰਚੇ ਦੇ ਹੁਣ ਤੱਕ ਦੇ ਸਾਰੇ ਫੈਸਲੇ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਬਰਗਾੜੀ ਇਨਸਾਫ਼ ਮੋਰਚੇ ਦੇ ਸਾਰੇ ਫੈਸਲਿਆਂ ‘ਤੇ ਵੱਡਾ ਐਲਾਨ ਕੀਤਾ ਹੈ। ਹਵਾਰਾ ਨੇ ਤਿਹਾੜ ਜੇਲ੍ਹ...

Jagtar Singh

ਚੰਡੀਗੜ੍ਹ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਬਰਗਾੜੀ ਇਨਸਾਫ਼ ਮੋਰਚੇ ਦੇ ਸਾਰੇ ਫੈਸਲਿਆਂ ‘ਤੇ ਵੱਡਾ ਐਲਾਨ ਕੀਤਾ ਹੈ। ਹਵਾਰਾ ਨੇ ਤਿਹਾੜ ਜੇਲ੍ਹ ’ਚੋਂ ਹੁਕਮ ਜਾਰੀ ਕਰ ਤਿੰਨ ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਬਰਗਾੜੀ ਇਨਸਾਫ਼ ਮੋਰਚੇ ਦੌਰਾਨ ਲਏ ਸਾਰੇ ਫ਼ੈਸਲਿਆਂ ਉੱਤੇ ਰੋਕ ਲਗਾ ਦਿੱਤੀ ਹੈ।

ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਇਨਸਾਫ਼ ਮੋਰਚੇ ਵੱਲੋਂ ਲਏ ਸਾਰੇ ਫ਼ੈਸਲਿਆਂ ਦੀ ਨਜ਼ਰਸਾਨੀ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਫੈਸਲਿਆਂ ‘ਚ ਲੋਕ ਸਭਾ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਣਾ ਵੀ ਸ਼ਾਮਲ ਹੈ। ਇਸ ਤਹਿਤ 5 ਮੈਂਬਰ ਕਮੇਟੀ ਵੱਲੋਂ 27 ਜਨਵਰੀ ਨੂੰ ਚੰਡੀਗੜ੍ਹ ‘ਚ ਇਕੱਠ ਕਰਕੇ ਇਨਸਾਫ਼ ਮੋਰਚੇ ਦੌਰਾਨ ਲਏ ਫ਼ੈਸਲਿਆਂ ਉਪਰ ਮੁੜ ਵਿਚਾਰ ਕੀਤਾ ਜਾਵੇਗਾ।

ਹਵਾਰਾ ਵੱਲੋਂ ਬਣਾਈ 5 ਮੈਂਬਰੀ ਕਮੇਟੀ ‘ਚੋਂ 4 ਮੈਂਬਰਾਂ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਪ੍ਰੋ. ਬਲਜਿੰਦਰ ਸਿੰਘ ਤੇ ਮਾਸਟਰ ਸੰਤੋਖ ਸਿੰਘ ਦਾਬਾਂਵਾਲੀ ਨੇ ਕਿਹਾ ਹੈ ਕਿ ਬਰਗਾੜੀ ਇਨਸਾਫ਼ ਮੋਰਚੇ ਦਾ ਕੋਈ ਫ਼ੈਸਲਾ ਲਾਗੂ ਨਹੀਂ ਕੀਤਾ ਜਾਵੇਗਾ। ਕਮੇਟੀ ਮੈਂਬਰਾਂ ਨੇ ਕਿਹਾ ਕਿ ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ ਤੇ ਹੋਰ ਲਏ ਫ਼ੈਸਲਿਆਂ ਉਪਰ ਖ਼ੁਦ ਦੋ ਜਥੇਦਾਰਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਜਿਸ ਕਾਰਨ ਹਵਾਰਾ ਨੇ ਇਹ ਕਦਮ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸਜ਼ਾ ਦੇਣ ਤੇ ਬੰਦੀ ਸਿੱਖਾਂ ਦੀ ਰਿਹਾਈ ਦੀਆਂ ਮੰਗਾਂ ਬਰਗਾੜੀ ਮੋਰਚੇ ਦੌਰਾਨ ਪੂਰੀ ਤਰ੍ਹਾਂ ਨਹੀਂ ਮੰਨੀਆਂ ਗਈਆਂ ਤੇ 27 ਜਨਵਰੀ ਨੂੰ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।