ਹਰਿਆਣਾ ਰੋਡਵੇਜ਼ ਦੀ ਬੱਸ ਨੇ 26 ਸਾਲਾ ਮੁਟਿਆਰ ਨੂੰ ਦਰੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟ੍ਰਿਬਿਊਨ ਚੌਕ 'ਤੇ ਬੁਧਵਾਰ ਹਰਿਆਣਾ ਰੋਡਵੇਜ਼ ਦੀ ਬਸ ਨੇ ਇਕ ਐਕਟਿਵਾ ਸਵਾਰ ਮੁਟਿਆਰ ਨੂੰ ਦਰੜ ਦਿਤਾ, ਜਿਸਦੀ ਮੌਕੇ 'ਤੇ ਮੌਤ ਹੋ ਗਈ.....

The Haryana Roadways Bus passed the 26-year-old girl

ਚੰਡੀਗੜ੍ਹ : ਟ੍ਰਿਬਿਊਨ ਚੌਕ 'ਤੇ ਬੁਧਵਾਰ ਹਰਿਆਣਾ ਰੋਡਵੇਜ਼ ਦੀ ਬਸ ਨੇ ਇਕ ਐਕਟਿਵਾ ਸਵਾਰ ਮੁਟਿਆਰ ਨੂੰ ਦਰੜ ਦਿਤਾ, ਜਿਸਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਐਕਟਿਵਾ ਦੇ ਪਿਛੇ ਬੈਠੀ ਮਹਿਲਾ ਨੂੰ ਜ਼ਖ਼ਮੀ ਹਾਲਤ ਵਿਚ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਐਕਟਿਵਾ ਸਵਾਰ ਮੁਟਿਆਰ ਦੀ ਪਛਾਣ 26 ਸਾਲਾ ਅਨੀਤਾ ਬਾਰਵਾ ਵਾਸੀ ਸੈਕਟਰ 29 ਦੇ ਰੂਪ ਵਿਚ ਹੋਈ ਹੈ।  ਮ੍ਰਿਤਕਾ ਮੂਲ ਰੂਪ ਤੋਂ ਆਸਾਮ ਦੀ ਰਹਿਣ ਵਾਲੀ ਸੀ। ਅਨੀਤਾ ਸੈਕਟਰ 34 ਵਿਚ ਕਿਸੇ ਇੰਸੋਰੈਂਸ ਕੰਪਨੀ ਵਿਚ ਕੰਮ ਕਰਦੀ ਸੀ।

ਬੁਧਵਾਰ ਉਹ ਅਪਣੀ ਸਹੇਲੀ ਗੁਰਮੁਖ਼ ਕੌਰ ਦੇ ਨਾਲ ਐਕਟਿਵਾ 'ਤੇ ਜ਼ੀਰਕਪੁਰ ਜਾ ਰਹੀ ਸੀ। ਐਕਟਿਵਾ ਅਨੀਤਾ ਚਲਾ ਰਹੀ ਸੀ। ਜਿਵੇਂ ਹੀ ਦੋਵੇਂ ਮੁਟਿਆਰਾਂ ਟ੍ਰਿਬਿਊਨ ਚੌਕ ਨੇੜੇ ਪਹੁੰਚੀਆਂ ਤਾਂ ਹਰਿਆਣਾ ਰੋਡਵੇਜ਼ ਦੀ ਬਸ ਨੇ ਉਨ੍ਹਾਂ ਦੀ ਐਕਟਿਵਾ ਨੂੰ ਪਿਛੇ ਤੋਂ ਟੱਕਰ ਮਾਰ ਦਿਤੀ। ਟੱਕਰ ਲੱਗਦੇ ਹੀ ਦੋਵੇਂ ਮੁਟਿਆਰਾਂ ਹੇਠਾਂ ਡਿੱਗ ਗਈ ਅਤੇ ਬਸ ਦਾ ਟਾਇਰ ਅਨੀਤਾ ਦੇ ਉਪਰੋਂ ਲੰਘ ਗਿਆ। ਜਦਕਿ ਹੁਰਮੁਖ ਕੌਰ ਹੇਠਾਂ ਡਿੱਗਣ ਕਾਰਨ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਸੜਕ 'ਤੇ ਭਾਰੀ ਜਾਮ ਲੱਗ ਗਿਆ। ਮੌਕੇ 'ਤੇ ਪਹੁੰਚੀ ਪੀਸੀਆਰ ਦੀ ਗੱਡੀ ਦੋਹਾਂ ਮੁਟਿਆਰਾਂ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਲੈ ਗਈ।

ਜਿਥੇ ਡਾਕਟਰਾਂ ਨੇ ਅਨੀਤਾ ਨੂੰ ਮ੍ਰਿਤਕ ਐਲਾਨ ਦਿਤਾ। ਜਦਕਿ ਗੁਰਮੁਖ ਕੌਰ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਗੁਰਮੁਖ ਕੌਰ ਦੇ ਬਿਆਨ ਦਰਜ ਕਰ ਕੇ ਹਰਿਆਣਾ ਰੋਡਵੇਜ਼ ਦੇ ਬਸ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦਸਿਆ ਕਿ ਮ੍ਰਿਤਕਾ ਨੇ ਹੈਲਮਟ ਪਾਇਆ ਹੋਇਆ ਸੀ, ਪਰ ਬਸ ਦਾ ਟਾਇਰ ਉਸਦੇ ਢਿੱਡ ਤੋਂ ਹੁੰਦਾ ਹੋਇਆ ਉਸਦੇ ਮੋਢੇ ਤੋਂ ਲੰਘ ਗਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਅਨੀਤਾ ਦੀ ਮੌਕੇ ਹੀ ਮੌਤ ਹੋ ਗਈ ਸੀ।

ਪੁਲਿਸ ਨੇ ਦਸਿਆ ਕਿ ਅਨੀਤਾ ਭਾਰਤੀ ਇੰਸੋਰੈਂਸ ਕੰਪਨੀ ਸੈਕਟਰ 34 ਵਿਚ ਕੰਮ ਕਰਦੀ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਰਖਵਾ ਦਿਤੀ ਹੈ। ਪੁਲਿਸ ਨੇ ਆਸਾਮ ਸਥਿਤ ਮ੍ਰਿਤਕਾ ਦੇ ਪਰਵਾਰ ਨੂੰ ਸੂਚਨਾ ਦੇ ਦਿਤੀ ਹੈ।