ਕਿਸਾਨੀ ਸੰਘਰਸ਼ ਕਾਰਨ ਖਟਾਈ ਵਿਚ ਪੈਣ ਲੱਗਾ ਨਿਗਮ ਚੋਣਾਂ ਦਾ ਅਮਲ, ਬਾਈਕਾਟ ਦਾ ਸਿਲਸਿਲਾ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

​ਲੋਕ ਮਨਾਂ ਵਿਚੋਂ ਹਾਸ਼ੀਏ ‘ਤੇ ਪੁੱਜੇ ਰਾਜਨੀਤੀ ਅਤੇ ਚੋਣ-ਪ੍ਰਕਿਰਿਆ ਵਰਗੇ ਮਸਲੇ

Election Boycott

ਚੰਡੀਗੜ੍ਹ (ਸ਼ੇਰ ਸਿੰਘ ‘ਮੰਡ’) : ਕਿਸਾਨੀ ਸੰਘਰਸ਼ ਆਪਣੀ ਚਰਮ-ਸੀਮਾ ‘ਤੇ ਪਹੁੰਚ ਚੁੱਕਾ ਹੈ। ਹਰ ਫਿਰਕੇ ਅਤੇ ਕਾਰੋਬਾਰ ਨਾਲ ਸਬੰਧਤ ਲੋਕ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ। ਇਸ ਦੌਰਾਨ ਪੰਜਾਬ ਅੰਦਰ ਨਿਗਮ ਚੋਣਾਂ ਦੇ ਹੋਏ ਐਲਾਨ ਨੂੰ ਲੈ ਕੇ ਸਵਾਲ ਉਠਣ ਲੱਗੇ ਹਨ। ਲੋਕਾਂ ਸਾਹਮਣੇ ਇਸ ਵੇਲੇ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਸਥਿਤੀ ਵਰਗਾ ਚੁਨੌਤੀਪੂਰਨ ਮਸਲਾ ਹੈ, ਜਿਸ ਨਾਲ ਨਜਿੱਠਣ ਲਈ ਲੋਕ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ।

ਇਸ ਕਾਰਨ ਵੋਟਾਂ, ਰਾਜਨੀਤੀ ਅਤੇ ਚੋਣ-ਪ੍ਰਕਿਰਿਆ ਵਰਗੇ ਮਸਲੇ ਲੋਕ ਮਨਾਂ ਵਿਚੋਂ ਹਾਸ਼ੀਏ ‘ਤੇ ਪਹੁੰਚ ਚੁਕੇ ਹਨ। ਚੁਣੇ ਹੋਏ ਨੁਮਾਇੰਦੇ ਲੋਕਾਂ ਦਾ ਵਿਸ਼ਵਾਸ ਗੁਆ ਚੁਕੇ ਹਨ। ਇਸ ਦਾ ਸਬੂਤ ਲਗਭਗ ਸਾਰੀਆਂ ਸਿਆਸੀ ਧਿਰਾਂ ਦੇ ਹੋ ਰਹੇ ਵਿਰੋਧ ਤੋਂ ਸਾਫ ਜਾਹਰ ਹੋ ਜਾਂਦਾ ਹੈ। ਲੋਕ ਸਭ ਸਿਆਸੀ ਦਲਾਂ ਨੂੰ ਇਕੋ ਥਾਲੀ ਦੇ ਚੱਟੇ-ਵੱਟੇ ਸਮਝਣ ਲੱਗੇ ਹਨ। ਅਜਿਹੇ ਵਿਚ ਨਿਗਮ ਚੋਣਾਂ ਕਿਸ ਤਰ੍ਹਾਂ ਨੇਪਰੇ ਚੜਣਗੀਆਂ, ਇਸ ‘ਤੇ ਸਵਾਲ ਉਠਣ ਲੱਗੇ ਹਨ।

ਪੰਜਾਬ ਦੇ ਕਈ ਥਾਵਾਂ ਤੋਂ ਇਨ੍ਹਾਂ ਚੋਣਾਂ ਦੇ ਬਾਈਕਾਟ ਦੀਆਂ ਕਨਸੋਆ ਵੀ ਸਾਹਮਣੇ ਆਉਣ ਲੱਗੀਆਂ ਹਨ। ਫਿਰੋਜਪੁਰ ਜ਼ਿਲ੍ਹੇ ਦੇ ਇਕ ਇਲਾਕੇ ਵਿਚ ਲੋਕਾਂ ਨੇ ਸਪੈਸ਼ਲ ਚਿਤਾਵਨੀ ਬੋਰਡ ਲਗਾ ਕੇ ਵੋਟਾਂ ਮੰਗਣ ਆਉਣ ਵਾਲੇ ਸਿਆਸੀ ਆਗੂਆਂ ਨੂੰ ਖਬਰਦਾਰ ਕੀਤਾ ਹੈ ਕਿ ਜਦੋਂ ਤਕ ਚੱਲ ਰਹੇ ਕਿਸਾਨੀ ਸੰਘਰਸ਼ ਦਾ ਕੋਈ ਨਿਬੇੜਾ ਨਹੀਂ ਹੋ ਜਾਂਦਾ, ਕੋਈ ਸੀ ਸਿਆਸੀ ਧਿਰ ਉਨ੍ਹਾਂ ਕੋਲ ਵੋਟ ਮੰਗਣ ਨਾ ਆਵੇ।

ਬੀਤੇ ਦਿਨ ਬਠਿੰਡਾ ਵਿਖੇ ਚੋਣਾਂ ਸਬੰਧੀ ਮੀਟਿੰਗ ਕਰ ਰਹੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਮੀਟਿੰਗ ਵਿਚਾਲੇ ਛੱਡ ਮੌਕੇ ਤੋਂ ਖਿਸਕਣਾ ਪਿਆ ਹੈ। ਦਿੱਲੀ ਦੇ ਸਿੰਘੂ ਬਾਰਡਰ ਲਾਗੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਕੁੱਝ ਹੋਰ ਆਗੂਆਂ ਦੀ ਖਿੱਚ-ਧੂਹ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।

ਇਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਬਾਈਕਾਟ ਦੀਆਂ ਘਟਨਾਵਾਂ ਵੀ ਵਾਪਰ ਚੁਕੀਆਂ ਹਨ। ਇਸ ਸਮੇਂ ਲੋਕਾਂ ਅੰਦਰ ਸਿਆਸੀ ਧਿਰਾਂ ਨੂੰ ਲੈ ਕੇ ਗੁੱਸੇ ਦਾ ਮਾਹੌਲ ਹੈ। ਲੋਕ ਖੇਤੀ ਕਾਨੂੰਨ ਅਤੇ ਕਿਸਾਨੀ ਸਮੇਤ ਦੂਜੇ ਵਰਗਾਂ ਦੀ ਹੋ ਰਹੀ ਦੁਰਦਿਸ਼ਾ ਲਈ ਸਿਆਸੀ ਧਿਰਾਂ ਨੂੰ ਜ਼ਿੰਮੇਵਾਰ ਮੰਨਣ ਲੱਗੇ ਹਨ। ਅਜਿਹੇ ਵਿਚ ਨਿਗਮ ਚੋਣਾਂ ਕਰਵਾਉਣ ਚੁਨੌਤੀ ਭਰਪੂਰ ਕੰਮ ਹੈ।

ਇਸ ਤਰ੍ਹਾਂ ਲੋਕ ਇਨਸਾਫ ਪਾਰਟੀ ਨੇ ਨਿਗਮ ਚੋਣਾਂ ਦਾ ਬਾਇਕਾਟ ਦਾ ਐਲਾਨ ਕਰ ਕੀਤਾ ਹੈ। ਪੰਜਾਬ ਦੇ ਹੁਸ਼ਿਆਰਪੁਰ ਵਿਖੇ ਇਕ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੋ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਹਨ, ਉਸ ਦਾ ਪਾਰਟੀ ਪੂਰਨ ਤੌਰ ’ਤੇ ਬਾਇਕਾਟ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਚੰਡੀਗਡ਼੍ਹ ਚੋਣ ਕਮਿਸ਼ਨ ਦਫ਼ਤਰ ਵਿਖੇ ਧਰਨਾ ਅਤੇ ਮੈਮੋਰੰਡਮ ਦਿਤਾ ਹੈ ਕਿ ਇਹ ਚੋਣ ਰੱਦ ਕੀਤੀ ਜਾਵੇ ਅਤੇ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ’ਤੇ ਕੇਂਦਰਿਤ ਕੀਤਾ ਜਾਵੇ।