26 ਨੂੰ ਕਿਸਾਨ ਪਰੇਡ ਲਈ ਭਾਕਿਯੂ (ਏਕਤਾ ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਟਰੈਕਟਰ ਟਰਾਲੀਆਂ ਦਿੱਲੀ ਨ

ਏਜੰਸੀ

ਖ਼ਬਰਾਂ, ਪੰਜਾਬ

26 ਨੂੰ ਕਿਸਾਨ ਪਰੇਡ ਲਈ ਭਾਕਿਯੂ (ਏਕਤਾ ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਟਰੈਕਟਰ ਟਰਾਲੀਆਂ ਦਿੱਲੀ ਨੂੰ ਰਵਾਨਾ

image

ਚੰਡੀਗੜ੍ਹ 23 ਜਨਵਰੀ (ਭੁੱਲਰ): ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਆਨੀਂ-ਬਹਾਨੀਂ ਲਗਾਤਾਰ ਇਨਕਾਰੀ ਹੋ ਰਹੀ ਮੋਦੀ ਭਾਜਪਾ ਹਕੂਮਤ ਵਿਰੁਧ ਲੋਹੇ ਲਾਖੇ ਹੋਏ ਕਿਸਾਨਾਂ ਦੇ ਰੋਹ ਦੇ ਝਲਕਾਰੇ ਅੱਜ ਉਦੋਂ ਦੇਖਣ ਨੂੰ ਮਿਲੇ ਜਦੋਂ ਦਿੱਲੀ ਵਿੱਚ 26 ਜਨਵਰੀ ਨੂੰ ਕੀਤੀ ਜਾ ਰਹੀ ਪੁਰਅਮਨ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਲਈ ਭਾਕਿਯੂ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਦਿੱਲੀ ਨੂੰ ਖਨੌਰੀ ਅਤੇ ਡੱਬਵਾਲੀ ਤੋਂ ਮਿਥੇ ਹੋਏ ਜ਼ਿਲ੍ਹੇਵਾਰ ਪੂਰੇ ਕਾਫ਼ਲੇ ਜੁੜ ਕੇ 11 ਵਜੇ ਕੂਚ ਕਰਨ ਦੀ ਬਜਾਏ ਸਵੇਰੇ 8 ਵਜੇ ਹੀ ਛੋਟੇ ਵੱਡੇ ਕਾਫ਼ਲੇ ਵਾਹੋ ਦਾਹੀ ਲੰਘਣ ਲੱਗ ਪਏ। 
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਉਕਤ ਦੋਹਾਂ ਰੂਟਾਂ ’ਤੇ 30000 ਦੇ ਕਰੀਬ ਟਰੈਕਟਰ ਟਰਾਲੀਆਂ ਲੰਘ ਚੁੱਕੇ ਸਨ ਅਤੇ ਹੋਰ ਛੋਟੇ ਵੱਡੇ ਕਾਫ਼ਲੇ ਲਗਾਤਾਰ ਲੰਘ ਰਹੇ ਸਨ। ਹੱਡਚੀਰਵੀਂ ਠੰਢ ਅਤੇ ਤੇਜ਼ ਹਵਾ ਵਾਲੇ ਖ਼ਰਾਬ ਮੌਸਮ ਨੂੰ ਚੀਰ ਰਹੇ ਮੋਦੀ ਹਕੂਮਤ ਵਿਰੁਧ ਆਕਾਸ਼ ਗੁੰਜਾਊ ਨਾਹਰੇ ਕਿਸਾਨਾਂ ਦੇ ਅੰਤਮ ਦਮ ਤਕ ਘੋਲ ਲੜਨ ਦੇ ਦਿ੍ਰੜ੍ਹ ਇਰਾਦਿਆਂ ਦਾ ਪ੍ਰਗਟਾਵਾ ਕਰ ਰਹੇ ਸਨ। ਕਿਸਾਨ ਵਲੰਟੀਅਰ ਟੀਮਾਂ ਦੀ ਬਾਜ਼ ਅੱਖ ਚਾਰ ਚੁਫ਼ੇਰੇ ਘੁੰਮ ਰਹੀ ਸੀ। ਮਿਥੇ ਸਮੇਂ ’ਤੇ ਬਾਕਾਇਦਾ ਕਾਫਲੇ ਤੋਰਨ ਸਮੇਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਆਗੂ ਜਨਕ ਸਿੰਘ ਭੁਟਾਲ, ਸੁਖਜੀਤ ਸਿੰਘ ਕੋਠਾਗੁਰੂ, ਜਸਵਿੰਦਰ ਸਿੰਘ ਬਰਾਸ ਅਤੇ ਹਰਜਿੰਦਰ ਸਿੰਘ ਬੱਗੀ ਸ਼ਾਮਲ ਸਨ। ਬੁਲਾਰਿਆਂ ਨੇ ਸਮੂਹ ਕਿਸਾਨਾਂ ਖ਼ਾਸਕਰ ਨੌਜਵਾਨਾਂ ਦੇ ਜੁਝਾਰੂ ਇਰਾਦਿਆਂ ਦੀ ਸ਼ਲਾਘਾ ਕਰਦੇ ਹੋਏ ਜਥੇਬੰਦੀ ਦੀਆਂ ਆਗੂ ਟੀਮਾਂ ਦੇ ਜ਼ਾਬਤੇ ਦੀ ਸਖ਼ਤ ਪਾਲਣਾ ਕਰਨ ਦਾ ਸੱਦਾ ਦਿਤਾ। ਬੀਤੀ ਰਾਤ ਸਿੰਘੂ ਬਾਰਡਰ ’ਤੇ ਪਕੜੇ ਗਏ ਭਾੜੇ ਦੇ ਸਰਕਾਰੀ ਟਾਊਟ ਦਾ ਹਵਾਲਾ ਦਿੰਦੇ ਹੋਏ ਪੂਰੇ ਚੌਕਸ ਤੇ ਸ਼ਾਂਤਮਈ ਰਹਿਣ ਤੇ ਜ਼ੋਰ ਦਿਤਾ, ਤਾਂ ਜੋ ਹਿੰਸਕ ਟਕਰਾਅ ਪੈਦਾ ਕਰ ਕੇ ਘੋਲ ਨੂੰ ਖਦੇੜਨ ਦੀਆਂ ਸਰਕਾਰੀ ਸਾਜ਼ਸ਼ਾਂ ਨੂੰ ਫ਼ੇਲ੍ਹ ਕੀਤਾ ਜਾ ਸਕੇ ।

ਕੈਪਸ਼ਨ: ਫੋਟੋ ਦੂਹਰੀ ਲਾਈਨ ਖਨੌਰੀ ਅਤੇ ਇਕਹਿਰੀ ਲਾਈਨ ਡੱਬਵਾਲੀ