ਪੰਜਾਬ ਅਧੀਨ ਸੇਵਾਵਾਂ ਬੋਰਡ ਨੇ ਸਿਲੇਬਸ ਬਦਲ ਕੇ ਕੀਤੀ ਪੰਜਾਬੀ ਭਾਸ਼ਾ ਨਾਲ ਨਾਇਨਸਾਫ਼ੀ?

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਟੈਸਟ ਲੈਣ ਵਾਲੀ ਏਜੰਸੀ ਪੰਜਾਬ ਦੀ ਹੈ ਤਾਂ ਪ੍ਰੀਖਿਆ ਦਾ ਪੈਟਰਨ ਵੀ ਪੰਜਾਬ ਅਨੁਸਾਰ ਹੋਣਾ ਚਾਹੀਦਾ : ਮਾਹਰ

Representational Image

ਮੋਹਾਲੀ : ਇੱਕ ਪਾਸੇ ਜਿਥੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਨਵੀਂ ਭਰਤੀ ਲਈ ਸਿਲੇਬਸ ਬਦਲਣ ਕਾਰਨ ਨਵੀਂ ਚਰਚਾ ਛਿੜ ਗਈ ਹੈ। ਅਸਲ ਵਿਚ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਵੱਖ-ਵੱਖ ਵਿਭਾਗਾਂ 'ਚ ਕਲਰਕਾਂ ਦੀ ਭਰਤੀ ਲਈ ਸਿਲੇਬਸ ਵਿਚ ਤਬਦੀਲੀ ਕੀਤੀ ਗਈ ਹੈ ਜਿਸ ਵਿਚ ਪੰਜਾਬੀ ਭਾਸ਼ਾ ਨੂੰ ਸਿਰਫ਼ ਕੁਆਲੀਫ਼ਾਈ ਲਈ ਲਾਜ਼ਮੀ ਰੱਖਿਆ ਗਿਆ ਹੈ ਤੇ ਪ੍ਰਤੀਯੋਗਤਾ 'ਚ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਨੂੰ ਬਾਹਰ ਕੱਢਣ ਦੀ ਚਰਚਾ ਵੀ ਹੈ।

ਇਸ ਸਬੰਧੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਸਿਲੇਬਸ ਬਦਲਣ ਨਾਲ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਨੂੰ ਪੰਜਾਬ 'ਚ ਨੌਕਰੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ 'ਚ ਟੈਸਟ ਲੈਣ ਵਾਲੀ ਏਜੰਸੀ ਪੰਜਾਬ ਦੀ ਹੈ ਤਾਂ ਪੈਟਰਨ ਵੀ ਪੰਜਾਬ ਅਨੁਸਾਰ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ-ਨਾਲ ਹੋਰ ਕਿਤਾਬਾਂ ਪੜ੍ਹਨ ਦੀ ਦਿੱਤੀ ਸਲਾਹ

ਉਧਰ ਟੈਸਟ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਪੰਜਾਬ ਅਧੀਨ ਸੇਵਾਵਾਂ ਬੋਰਡ ਵਲੋਂ ਐਸ.ਐਸ.ਬੀ. ਦੀ ਤਰਜ਼ 'ਤੇ ਸਿਲੇਬਸ ਬਣਾ ਕੇ ਪੰਜਾਬ ਦੇ ਪੇਂਡੂ ਖੇਤਰ ਦੇ ਉਮੀਦਵਾਰਾਂ ਨੂੰ ਨੌਕਰੀ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਕਿਸੇ ਵੀ ਭਾਸ਼ਾ ਨੂੰ ਬਹੁਤ ਥੋੜ੍ਹੇ ਸਮੇਂ 'ਚ ਸਿੱਖਿਆ ਜਾ ਸਕਦਾ ਹੈ ਜਦਕਿ ਪ੍ਰਤੀਯੋਗਤਾ ਲਈ ਉਸ ਸੂਬੇ ਦੇ ਇਤਿਹਾਸ, ਵਾਤਾਵਰਨ, ਸੱਭਿਆਚਾਰ ਤੇ ਧਰਮ ਨੂੰ ਗਹਿਰਾਈ 'ਚ ਸਮਝਣ ਦੀ ਲੋੜ ਪੈਂਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਭਾਸ਼ਾ ਤੇ ਇਤਿਹਾਸ ਦੀ ਸਮਝ ਹਮੇਸ਼ਾ ਸਥਾਨਕ ਏਜੰਸੀਆਂ ਨੂੰ ਹੀ ਹੁੰਦੀ ਹੈ। ਪੰਜਾਬ ਤੋਂ ਬਾਹਰਲੀ ਏਜੰਸੀ ਵਲੋਂ ਲਿਆ ਗਿਆ ਟੈਸਟ ਹਮੇਸ਼ਾ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਉਮੀਦਵਾਰਾਂ ਦੀ ਗਿਣਤੀ ਨੂੰ ਵਧਾਉਂਦਾ ਹੈ।

ਇਹ ਵੀ ਪੜ੍ਹੋ:  ਪਾਕਿਸਤਾਨ 'ਚ ਆਟੇ ਦੀ ਕਿੱਲਤ ਪਰ ਹੋਈ ਵੱਡੀ ਗਿਣਤੀ ਵਿਚ ਲਗਜ਼ਰੀ ਗੱਡੀਆਂ ਦੀ ਦਰਾਮਦ 

ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬੋਰਡ ਵੱਲੋਂ ਪੰਜਾਬੀ ਭਾਸ਼ਾ ਤੇ ਇਤਿਹਾਸ ਨੂੰ ਸਿਰਫ਼ ਯੋਗਤਾ ਲਈ ਨਹੀਂ, ਸਗੋਂ ਪ੍ਰੀਖਿਆ 'ਚ ਵੀ ਪੰਜਾਬੀ ਭਾਸ਼ਾ ਤੇ ਇਤਿਹਾਸ ਸਬੰਧੀ ਪ੍ਰੀਖਿਆਵਾਂ ਦਾ ਪੇਪਰ ਤਿਆਰ ਕੀਤਾ ਜਾਵੇ।