ਪੈਸਿਆਂ ਦੇ ਗਬਨ ਮਾਮਲੇ 'ਚ ਸਰਪੰਚ ਤੇ ਪੰਚਾਇਤ ਸਕੱਤਰ ਨੂੰ ਹੋਈ 3 -3 ਸਾਲ ਦੀ ਸਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੰਨਾ ਅਦਾਲਤ ਨੇ ਛੇ-ਛੇ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ 

Representational Image

ਰੋਹਣੋਂ ਖੁਰਦ : ਖੰਨਾ ਦੀ ਇੱਕ ਅਦਾਲਤ ਨੇ ਸਰਕਾਰੀ ਪੈਸੇ ਦਾ ਗਬਨ ਕਰਨ ਦੇ ਦੋਸ਼ ਹੇਠ ਸਾਬਕਾ ਸਰਪੰਚ ਅਤੇ ਮੌਜੂਦਾ ਪੰਚਾਇਤ ਸਕੱਤਰ ਨੂੰ ਸਖ਼ਤ ਸਜ਼ਾ ਸੁਣਾਈ। ਅਦਾਲਤ ਵੱਲੋਂ ਤਿੰਨ-ਤਿੰਨ ਸਾਲ ਦੀ ਸਜ਼ਾ ਅਤੇ ਛੇ-ਛੇ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਹ ਸਜ਼ਾ ਪਿੰਡ ਰੋਹਣੋ ਖੁਰਦ ਦੀ ਸਾਬਕਾ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੂੰ ਸੁਣਾਈ ਗਈ ਹੈ। ਸੰਨ 2015 'ਚ ਇਹਨਾਂ ਦੋਵਾਂ ਦੇ ਖ਼ਿਲਾਫ਼ ਗਬਨ ਸਬੰਧੀ ਸਦਰ ਥਾਣਾ ਖੰਨਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਵਿਧਾਨ ਸਭਾ ਸਪੀਕਰ ਨੇ ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ-ਨਾਲ ਹੋਰ ਕਿਤਾਬਾਂ ਪੜ੍ਹਨ ਦੀ ਦਿੱਤੀ ਸਲਾਹ

ਸ਼ਿਕਾਇਤਕਰਤਾ ਜਾਗਰ ਸਿੰਘ ਪੱਖ ਦੇ ਵਕੀਲ ਐਡਵੋਕੇਟ ਆਰ.ਕੇ ਰਿਖੀ ਨੇ ਦੱਸਿਆ ਕਿ ਰੋਹਣੋਂ ਖੁਰਦ ਵਿਖੇ ਸਾਬਕਾ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੇ ਆਪਸੀ ਮਿਲੀਭੁਗਤ ਨਾਲ ਪੰਚਾਇਤ ਦੇ ਸਰਕਾਰੀ ਪੈਸੇ ਦਾ ਗਬਨ ਕੀਤਾ ਸੀ। ਇਸ ਸਬੰਧੀ ਥਾਣਾ ਸਦਰ ਖੰਨਾ ਵਿਖੇ ਐਫ.ਆਈ.ਆਰ ਨੰਬਰ 188 ਮਿਤੀ 30 ਸਤੰਬਰ 2015 ਦਰਜ ਕੀਤੀ ਗਈ ਸੀ। ਜਿਸ ਦੀ ਅਗਲੇਰੀ ਪੜਤਾਲ ਉਪਰੰਤ ਪੁਲਿਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਪਾਕਿਸਤਾਨ 'ਚ ਆਟੇ ਦੀ ਕਿੱਲਤ ਪਰ ਹੋਈ ਵੱਡੀ ਗਿਣਤੀ ਵਿਚ ਲਗਜ਼ਰੀ ਗੱਡੀਆਂ ਦੀ ਦਰਾਮਦ 

ਗਵਾਹੀ ਦੌਰਾਨ ਸਰਕਾਰ ਵੱਲੋਂ 13 ਗਵਾਹ ਅਦਾਲਤ ਵਿੱਚ ਪੇਸ਼ ਕੀਤੇ ਗਏ। ਮਾਣਯੋਗ ਅਦਾਲਤ ਨੇ ਆਪਣੇ ਫੈਸਲੇ ਦੌਰਾਨ ਲਿਖਿਆ ਹੈ ਕਿ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੇ ਆਪਸੀ ਮਿਲੀਭੁਗਤ ਨਾਲ ਮਨਰੇਗਾ ਅਤੇ ਪੰਚਾਇਤ ਦੇ ਰਿਕਾਰਡ ਵਿੱਚ ਅੰਗਰੇਜ ਸਿੰਘ, ਪਾਲ ਸਿੰਘ, ਅਜੈਬ ਸਿੰਘ, ਹਰਨੇਕ ਸਿੰਘ ਦੀਆਂ ਦਿਹਾੜੀਆਂ ਗਲਤ ਤਰੀਕੇ ਨਾਲ ਦਰਜ ਕਰ ਕੇ ਕਰੀਬ 22 ਹਜ਼ਾਰ ਰੁਪਏ ਦਾ ਗਬਨ ਕੀਤਾ। ਇਸ ਲਈ ਸਾਬਕਾ ਸਰਪੰਚ ਬਲਜਿੰਦਰ ਕੌਰ ਅਤੇ ਪੰਚਾਇਤ ਸਕੱਤਰ ਬਲਜਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।