ਗੁਰਦਾਸਪੁਰ ਲੋਕ ਸਭਾ ਸੀਟ ਲਈ ਭਾਜਪਾ 'ਚ ਛਿੜਿਆ ਕਾਟੋ-ਕਲੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਅੰਦਰ ਟਿਕਟ ਪ੍ਰਾਪਤ ਕਰਨ ਨੂੰ ਲੈ ਕੇ ਆਗੂਆਂ ਅੰਦਰ ਇਸ ਸਮੇਂ ਘਮਾਸਾਨ ਪੂਰੇ ਜ਼ੋਰਾਂ 'ਤੇ ਹੈ.......

Kavita Khanna

ਗੁਰਦਾਸਪੁਰ : ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਅੰਦਰ ਟਿਕਟ ਪ੍ਰਾਪਤ ਕਰਨ ਨੂੰ ਲੈ ਕੇ ਆਗੂਆਂ ਅੰਦਰ ਇਸ ਸਮੇਂ ਘਮਾਸਾਨ ਪੂਰੇ ਜ਼ੋਰਾਂ 'ਤੇ ਹੈ। ਇਸ ਟਿਕਟ ਨੂੰ ਪ੍ਰਾਪਤ ਕਰਨ ਲਈ ਆਗੂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਸਿਆਸੀ ਗੋਟੀਆਂ ਫਿੱਟ ਕਰਨ ਲਈ ਆਰ.ਐਸ.ਐਸ ਅਤੇ ਯੋਗਾ ਆਗੂਆਂ ਤੇ ਰਾਜਸੀ ਉਚ ਆਗੂਆਂ ਨਾਲ ਤਾਲਮੇਲ ਕਰਨ ਵਿਚ ਜੁੱਟੇ ਹੋਏ ਹਨ। ਇਸ ਦੌੜ ਵਿਚ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਸਵਰਨ ਸਲਾਰੀਆ, ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਜੰਮੂ-ਕਸ਼ਮੀਰ ਸੂਬੇ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਨਾਂ ਪ੍ਰਮੁੱਖ ਹਨ।

ਕੁੱਝ ਦਿਨ ਪਹਿਲਾਂ ਪਾਰਟੀ ਅੰਦਰ ਸੈਲੀਬਰਿਟੀ ਅਕਸ਼ੈ ਕੁਮਾਰ ਨੂੰ ਵੀ ਚੋਣ ਪਿੜ ਵਿਚ ਉਤਾਰਨ ਦੀ ਚਰਚਾ ਚੱਲੀ ਸੀ ਪਰ ਅਕਸ਼ੇ ਕੁਮਾਰ ਵਲੋਂ ਨਾਂਹ ਨੁਕਰ ਕਰਨ ਅਤੇ ਉਸ ਦੀ ਵਿਦੇਸ਼ੀ ਨਾਗਰਿਕਤਾ ਹੋਣ ਕਾਰਨ ਅਕਸ਼ੈ ਕੁਮਾਰ ਨੂੰ ਟਿਕਟ ਦੇਣ ਦਾ ਮਾਮਲਾ ਠੰਢਾ ਪੈ ਗਿਆ ਜਾਪਦਾ ਹੈ। ਜਿਸ ਨੂੰ ਦੇਖ ਕੇ ਬਾਕੀ ਸਥਾਨਕ ਆਗੂਆਂ ਨੇ ਸਰਗਰਮੀ ਫੜ ਲਈ ਹੈ। ਵਿਨੋਦ ਖੰਨਾ ਜੋ ਕਿ ਇਸ ਹਲਕੇ ਤੋਂ ਚਾਰ ਵਾਰ ਜੇਤੂ ਰਹੇ ਤੇ ਇਕ ਵਾਰ ਹਾਰ ਗਏ ਸਨ, ਨੇ ਹੀ ਇਸ ਸੀਟ ਤੋਂ ਕਾਂਗਰਸ ਪਾਰਟੀ ਦੀ ਸੁਖਬੰਸ ਕੌਰ ਭਿੰਡਰ ਦਾ ਕਿਲ੍ਹਾ ਸਾਲ 1998 ਵਿਚ ਪਹਿਲੀ ਵਾਰ ਹਰਾਇਆ ਸੀ। 

ਵਿਨੋਦ ਖੰਨਾ ਦੀ ਮੌਤ ਹੋ ਜਾਣ ਬਾਅਦ ਅਕਤੂਬਰ 2017 ਵਿਚ ਹੋਈ ਜ਼ਿਮਨੀ ਚੋਣ ਸਮੇਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਸਵਰਨ ਸਲਾਰੀਆ ਨੂੰ ਦੇ ਦਿਤੀ ਅਤੇ ਉਹ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ ਤੋਂ 1 ਲੱਖ 99 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰਦਾਸਪੁਰ ਵਿਖੇ ਚੋਣ ਆਗਾਜ ਰੈਲੀ ਵਿਚ ਵਿਨੋਦ ਖੰਨਾ ਦਾ ਜ਼ਿਕਰ ਕਰ ਦੇਣ ਨਾਲ ਉਸ ਦੀ ਪਤਨੀ ਕਵਿਤਾ ਖੰਨਾ ਨੇ ਟਿਕਟ ਦਾ ਦਾਅਵਾ ਠੋਕਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਹੀ ਇਸ ਟਿਕਟ ਦੀ ਦਾਅਵੇਦਾਰ ਹੈ।

ਉਹ ਅਪਣੇ ਗੁਜਰਾਤ ਵਿਖੇ ਉਦਯੋਗਿਕ ਕਾਰੋਬਾਰ ਕਾਰਨ ਸ਼੍ਰੀ ਮੋਦੀ ਤੇ ਹੋਰ ਕੇਂਦਰੀ ਨੇਤਾਵਾਂ ਨਾਲ ਨੇੜਤਾ ਹੋਣ ਨੂੰ ਵੀ ਕੈਸ਼ ਕਰਨਾ ਚਾਹੁੰਦੀ ਹੈ ਤੇ ਲਗਾਤਾਰ ਸੰਪਰਕ ਵਿਚ ਹੈ। ਇਸ ਦੇ ਇਲਾਵਾ ਉਹ ਆਰਟ ਆਫ਼ ਲਿਵਿੰਗ ਦੇ ਗੁਰੂ ਰਵੀਸ਼ੰਕਰ ਦੀਆਂ ਸੇਵਾਵਾਂ ਵੀ ਟਿਕਟ ਪ੍ਰਾਪਤ ਕਰਨ ਲਈ ਲੈ ਰਹੀ ਹੈ।     ਦੂਸਰੇ ਪਾਸੇ ਜ਼ਿਮਨੀ ਚੋਣ ਹਾਰਨ ਵਾਲੇ ਸਵਰਨ ਸਲਾਰੀਆ ਵੀ ਇਨ੍ਹੀਂ ਦਿਨੀਂ ਪੂਰੇ ਜਲੌਅ ਵਿਚ ਨਜ਼ਰ ਆ ਰਹੇ ਹਨ ਅਤੇ ਉਹ ਕਾਂਗਰਸ ਦੇ ਐਮ.ਪੀ ਸੁਨੀਲ ਜਾਖੜ ਦੀਆਂ ਸਰਗਰਮੀਆਂ ਦਾ ਜਵਾਬ ਦੇ ਰਹੇ ਹਨ ਤੇ ਦਾਅਵਾ ਕਰ ਰਹੇ ਹਨ

ਕਿ ਉਹ ਹੀ ਕੇਂਦਰ ਸਰਕਾਰ ਤੋਂ ਰੇਲਵੇ ਦੇ ਅਤੇ ਪੁਲਾਂ ਬਾਰੇ ਪ੍ਰਾਜੈਕਟ ਮਨਜ਼ੂਰ ਕਰਵਾ ਕੇ ਲਿਆਏ ਹਨ। ਸੂਤਰਾਂ ਅਨੁਸਾਰ ਸਵਰਨ ਸਲਾਰੀਆ ਯੋਗਾ ਗੁਰੂ ਸਵਾਮੀ ਰਾਮਦੇਵ ਅਤੇ ਕਾਦੀਆਂ ਤੋਂ ਇਕ ਆਰ.ਐਸ.ਐਸ ਦੇ ਆਗੂ ਦੀਆਂ ਸੇਵਾਵਾਂ ਲੈ ਰਹੇ ਹਨ ਤੇ ਉਨ੍ਹਾਂ ਰਾਹੀਂ ਕੇਂਦਰੀ ਆਗੂਆਂ ਉਪਰ ਟਿਕਟ ਅਲਾਟ ਕਰਨ ਲਈ ਦਬਾਅ ਪਾ ਰਹੇ ਹਨ। ਸੱਭ ਤੋਂ ਵੱਡੀ ਦਿੱਕਤ ਉਨ੍ਹਾਂ ਨੂੰ ਟਿਕਟ ਅਲਾਟ ਕਰਨ ਵਿਚ ਉਨ੍ਹਾਂ ਦਾ ਜ਼ਿਮਨੀ ਚੋਣ ਵਿਚ 1 ਲੱਖ 99 ਹਜ਼ਾਰ ਵੋਟਾਂ ਨਾਲ ਹਾਰ ਜਾਣਾ ਸਮਝਿਆ ਜਾ ਰਿਹਾ ਹੈ। ਇਨ੍ਹਾਂ ਦੇ ਇਲਾਵਾ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਟਿਕਟ ਪ੍ਰਾਪਤ ਕਰਨ ਲਈ ਜਲੰਧਰ ਦੇ ਇਕ ਅਖ਼ਬਾਰ ਸਮੂਹ ਦਾ ਪ੍ਰਭਾਵ ਪਵਾ ਰਹੇ ਹਨ।  

ਅਸ਼ਵਨੀ ਸ਼ਰਮਾ ਵੀ ਆਰ.ਐਸ.ਐਸ ਰਾਹੀਂ ਟਿਕਟ ਪ੍ਰਾਪਤੀ ਕਰਨ ਦੀ ਦੌੜ ਵਿਚ ਇਸ ਸਮੇਂ ਮੋਹਰੀਆਂ ਵਿਚੋਂ ਹਨ। ਜਦਕਿ ਇਸ ਸਾਰੇ ਘਮਾਸਾਨ ਦਾ ਫ਼ਾਇਦਾ ਅਵਿਨਾਸ਼ ਰਾਏ ਖੰਨਾ ਉਠਾਉਣਾ ਚਾਹੁੰਦੇ ਹਨ ਤੇ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਟਿਕਟ ਦਿਤੀ ਜਾਵੇ ਤਾਂ ਫਿਰ ਚੋਣ ਪ੍ਰਚਾਰ ਸਮੇਂ ਪਾਰਟੀ ਅੰਦਰ ਗੁੱਟਬਾਜ਼ੀ ਖ਼ਤਮ ਹੋ ਜਾਵੇਗੀ। ਇਸ ਤਰ੍ਹਾਂ ਭਾਜਪਾ ਅੰਦਰ ਇਸ ਸੀਟ ਨੂੰ ਲੈ ਕੇ 'ਇਕ ਅਨਾਰ, ਕਈ ਬੀਮਾਰ' ਵਾਲੀ ਹਾਲਤ ਬਣੀ ਹੋਈ ਹੈ।