ਸੁਖਬੀਰ ਬਾਦਲ ਵਿਰੁਧ ਸ਼ਿਕੰਜਾ ਫਿਰ ਕਸਣ ਦੀ ਤਿਆਰੀ
ਵਿਸ਼ੇਸ਼ ਅਧਿਕਾਰ ਕਮੇਟੀ ਨੇ ਮੰਗਲਵਾਰ ਨੂੰ ਕੀਤਾ ਤਲਬ.......
ਚੰਡੀਗੜ੍ਹ : ਧਾਰਮਕ ਬੇ-ਅਦਬੀ ਦੇ ਮਾਮਲਿਆਂ ਸਬੰਧੀ ਸੱਤਾਧਾਰੀ ਕਾਂਗਰਸ ਵਲੋਂ ਕੀਤੀ ਸਖ਼ਤ ਕਾਰਵਾਈ ਦੇ ਫਲਸਰੂਪ ਨੁਕਰੇ ਲੱਗੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਵਾਰ ਦੇ ਨੇਤਾ ਹੁਣ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਸ਼ਿਕੰਜੇ ਦੀ ਦਾੜ੍ਹ 'ਚ ਫਸ ਗਏ ਹਨ। ਸ. ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਪ੍ਰਧਾਨਗੀ ਹੇਠ ਬਣੀ 12 ਮੈਂਬਰੀ ਇਸ ਪਰਿਵਲੇਜ ਕਮੇਟੀ ਨੇ ਹੁਣ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਮੰਗਲਵਾਰ, 26 ਫ਼ਰਵਰੀ ਦੁਪਹਿਰ ਸਵਾ 12 ਵਜੇ ਦਾ ਲਿਖਤੀ ਨੋਟਿਸ ਭੇਜਿਆ ਹੈ। ਪਹਿਲਾਂ 2 ਵਾਰ 6 ਫ਼ਰਵਰੀ ਅਤੇ 11 ਫ਼ਰਵਰੀ ਨੂੰ ਤਲਬ ਕੀਤਾ ਸੀ
ਪਰ ਇਹ ਅਕਾਲੀ ਵਿਧਾਇਕ ਪੇਸ਼ ਨਹੀਂ ਹੋÂੈ ਸਨ ਅਤੇ ਬਹਾਨਾ ਲਾਇਆ ਸੀ ਕਿ ਕਮੇਟੀ ਦਾ ਲਿਖਤੀ ਨੋਟਿਸ ਨਹੀਂ ਮਿਲਿਆ ਸੀ। ਵਿਧਾਨ ਸਭਾ ਵਲੋਂ 21 ਫ਼ਰਵਰੀ ਨੂੰ ਜਾਰੀ ਲਿਖ਼ਤੀ ਨੋਟਿਸ ਅਨੁਸਾਰ ਸੁਖਬੀਰ ਬਾਦਲ ਵਿਰੁਧ 2017 ਤੇ 2018 ਦੌਰਾਨ 2 ਮਾਮਲੇ ਹਨ। ਇਕ 'ਚ ਉਸ ਨੇ ਪਵਿਤਰ ਸਦਨ ਅਤੇ ਚੇਅਰ ਨੂੰ ਨਿਸ਼ਾਨਾ ਬਣਾ ਕੇ ਸਪੀਕਰ ਰਾਣਾ ਕੇ. ਪੀ. ਸਿੰਘ ਵਿਰੁਧ ਨਿਜੀ ਦੂਸ਼ਣਬਾਜੀ ਕੀਤੀ ਸੀ ਅਤੇ ਦੂਜਾ ਕੇਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਸਬੰਧੀ ਸਦਨ 'ਚ ਹੋਈ ਬਹਿਸ ਦੌਰਾਨ ਗ਼ਲਤ ਬਿਆਨਬਾਜ਼ੀ ਕਰਨ ਦਾ ਹੈ।
ਜ਼ਿਕਰਯੋਗ ਹੈ ਕਿ ਜੂਨ 2017 ਦੇ ਸਮਾਗਮ ਦੌਰਾਨ ਸੁਖਬੀਰ ਬਾਦਲ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਵਿਰੁਧ ਅਪਸ਼ਬਦ ਵਰਤੇ ਸਨ ਅਤੇ ਪਿਛਲੇ ਅਗੱਸਤ ਮਹੀਨੇ ਹੋਏ ਸੈਸ਼ਨ ਦੌਰਾਨ ਇਸ ਅਕਾਲੀ ਵਿਧਾਇਕ ਨੇ ਕਮਿਸ਼ਨ ਦੀ ਰੀਪੋਰਟ ਦੇ ਵਰਕੇ ਫਾੜੇ ਸਨ ਤੇ ਮੁਖ ਮੰਤਰੀ ਵਿਰੁਧ ਦੋਸ਼ ਲਾਏ ਸਨ ਕਿ ਗਰਮ ਦਲੀਏ ਸਿੱਖ ਨੇਤਾ ਧਿਆਨ ਸਿੰਘ ਮੰਡ ਤੇ ਬਲਜੀਤ ਦਾਦੂਵਾਲ ਸਰਕਾਰੀ ਰਿਹਾਇਸ਼ 'ਤੇ ਮਸ਼ਵਰਾ ਕਰਨ ਪਹੁੰਚੇ ਸਨ। ਇਸ ਦੋਸ਼ ਦੀ ਪੜਤਾਲੀਆ ਕਮੇਟੀ ਦੇ ਸਭਾਪਤੀ ਸੁਖਜਿੰਦਰ ਸਿੰਘ ਰੰਧਾਵਾ ਨੇ 9 ਸਫ਼ਿਆਂ ਦੀ ਰਿਪੋਰਟ 14 ਦਸੰਬਰ ਨੂੰ ਸਦਨ 'ਚ ਪੇਸ਼ ਕੀਤੀ
ਜਿਸ ਦੇ ਆਧਾਰ 'ਤੇ ਸੰਸਦੀ ਮਾਮਲੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਤੇ ਸਦਨ ਦੀ ਤੌਹੀਨ ਦਾ ਮਤਾ ਸੁਖਬੀਰ ਵਿਰੁਧ ਦਰਜ ਕਰਵਾ ਲਿਆ। ਹਾਊਸ 'ਚ ਬ੍ਰਹਮ ਮਹਿੰਦਰਾ ਨੇ ਕਿਹਾ ਸੀ ਕਿ ਸੁਖਬੀਰ ਇਕ ਵਿਧਾਇਕ ਹੋਣ ਦੇ ਨਾਲ ਨਾਲ ਇਕ ਪਾਰਟੀ ਦੇ ਪ੍ਰਧਾਨ ਵੀ ਹਨ ਜਿਸ ਕਰ ਕੇ ਉਨ੍ਹਾਂ ਦੀ ਸਮਾਜ ਅਤੇ ਸਦਨ ਪ੍ਰਤੀ ਜ਼ਿੰਮੇਦਾਰੀ ਹੋਰ ਵੀ ਵਧ ਜਾਂਦੀ ਹੈ। ਇਸ ਮਤੇ ਰਾਹੀਂ ਸੁਖਬੀਰ ਵਿਰੁਧ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਅਤੇ ਮਾਣ-ਮਰਿਆਦਾ ਦੇ ਹਨਨ ਸਬੰਧੀ ਮਾਮਲਾ ਪਰਿਵਲੇਜ ਕਮੇਟੀ ਨੂੰ ਸੌਂਪ ਦਿਤਾ ਸੀ ਜਿਸ ਨੇ 26 ਦਸੰਬਰ ਤੋਂ ਬਾਅਦ 6 ਬੈਠਕਾਂ ਕੀਤੀਆਂ ਹਨ।
'ਰੋਜ਼ਾਨਾ ਸਪੋਕਸਮੈਨ' ਨਾਲ ਗਲ-ਬਾਤ ਕਰਦਿਆਂ ਸਭਾ ਪਤੀ ਕੁਸ਼ਲਦੀਪ ਢਿਲੋਂ ਨੇ ਦਸਿਆ ਕਿ ਵਿਸ਼ੇਸ਼-ਅਧਿਕਾਰ ਕਮੇਟੀ ਨਿਯਮਾਂ ਮੁਤਾਬਿਕ ਸੁਖਬੀਰ ਬਾਦਲ ਵਿਰੁਧ ਕੋਈ ਐਕਸ਼ਨ ਲੈਣ ਦੀ ਕੇਵਲ ਸਿਫ਼ਾਰਸ਼ ਕਰੇਗੀ ਜਿਸ ਉਪਰੰਤ ਮਾਮਲਾ ਫਿਰ ਹਾਊਸ 'ਚ ਜਾਏਗਾ। ਇਸ ਕਮੇਟੀ ਦੇ ਕੁਲ 12 ਮੈਂਬਰਾਂ 'ਚ 2 ਵਿਧਾਇਕ 'ਆਪ' ਪਾਰਟੀ ਦੇ ਜਸਦੇਵ ਸਿੰਘ ਕਮਾਲੂ ਤੇ ਸ਼੍ਰੀਮਤੀ ਰੁਪਿੰਦਰ ਕੌਰ ਰੂਬੀ ਹਨ
ਜਦੋਂ ਕਿ 2 ਵਿਧਾਇਕ ਡਾ. ਸੁਖਵਿੰਦਰ ਕੁਮਾਰ ਤੇ ਪਵਨ ਟੀਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਨ। ਬਾਕੀ 8 ਵਿਧਾਇਕਾਂ 'ਚ ਸਭਾਪਤੀ ਕੁਸ਼ਲਦੀਪ ਢਿਲੋਂ, ਅਮਰਿੰਦਰ ਰਾਜਾ ਵੜਿੰਗ, ਧਰਮਬੀਰ ਅਗਨੀਹੋਤਰੀ, ਫ਼ਤਿਹਜੰਗ ਬਾਜਵਾ, ਕੁਲਦੀਪ ਵੈਦ, ਪਰਗਟ ਸਿੰਘ ਤੇ ਤਰਸੇਮ ਸਿੰਘ ਡੀ. ਸੀ. ਸ਼ਾਮਲ ਹਨ।