ਕੋਰੋਨਾ ਦੇ ਕੇਸ ਵਧਣ ਕਾਰਨ ਮੁੱਖ ਮੰਤਰੀ ਵਲੋਂ ਇਕ ਮਾਰਚ ਤੋਂ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੇ ਕੇਸ ਵਧਣ ਕਾਰਨ ਮੁੱਖ ਮੰਤਰੀ ਵਲੋਂ ਇਕ ਮਾਰਚ ਤੋਂ ਅੰਦਰੂਨੀ ਤੇ ਬਾਹਰੀ ਇਕੱਠਾਂ 'ਤੇ ਪਾਬੰਦੀਆਂ ਲਾਉਣ ਦੇ ਹੁਕਮ

image


ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 30,000 ਕਰਨ ਦੇ ਆਦੇਸ਼

ਚੰਡੀਗੜ੍ਹ, 23 ਫ਼ਰਵਰੀ (ਭੁੱਲਰ): ਸੂਬੇ ਵਿਚ ਕੋਵਿਡ ਦੇ ਵਧ ਰਹੇ ਕੇਸਾਂ 'ਤੇ ਚਿੰਤਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉਪਰ ਪਾਬੰਦੀਆਂ ਲਾਉਂਦੇ ਹੋਏ ਇਕ ਮਾਰਚ ਤੋਂ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤਕ ਸੀਮਤ ਕਰਨ ਦੇ ਹੁਕਮ ਦਿਤੇ ਹਨ | ਇਸ ਨਾਲ ਹੀ ਮੁੱਖ ਮੰਤਰੀ ਨੇ ਮਾਸਕ/ਸਮਾਜਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਟੈਸਟਿੰਗ ਵੀ ਵਧਾ ਕੇ ਪ੍ਰਤੀ ਦਿਨ 30,000 ਤਕ ਕਰਨ ਦੇ ਨਿਰਦੇਸ਼ ਦਿਤੇ ਹਨ |
ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਉਚ-ਪਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ  ਸਬੰਧਤ ਜ਼ਿਲਿ੍ਹਆਂ ਵਿਚ ਹਾਟ-ਸਪਾਟ ਇਲਾਕਿਆਂ ਵਿਚ ਲੋੜ ਪੈਣ 'ਤੇ ਰਾਤ ਦਾ ਕਰਫ਼ਿਊ ਲਾਉਣ ਲਈ ਅਧਿਕਾਰਤ ਕੀਤਾ ਹੈ ਅਤੇ ਮਾਈਕ੍ਰੋ ਕੰਟੇਨਮੈਂਟ ਰਣਨੀਤੀ ਵੀ ਅਪਣਾਈ ਜਾਵੇਗੀ | ਉਨ੍ਹਾਂ ਨੇ ਪੁਲਿਸ ਨੂੰ  ਮਾਸਕ ਪਹਿਨਣ, ਸਾਰੇ ਰੈਸਟੋਰੈਂਟਾਂ ਤੇ ਮੈਰਿਜ ਪੈਲੇਸਾਂ ਵਲੋਂ ਕੋਵਿਡ ਨਿਗਰਾਨ ਲਾਉਣ ਬਾਰੇ ਜਾਰੀ ਨੋਟੀਫ਼ੀਕੇਸ਼ਨ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦੇ ਵੀ ਨਿਰਦੇਸ਼ ਦਿਤੇ ਹਨ ਅਤੇ ਇਸ ਉਦੇਸ਼ ਲਈ ਕਰ ਤੇ ਆਬਕਾਰੀ ਵਿਭਾਗ ਨੂੰ  ਨੋਡਲ ਏਜੰਸੀ ਬਣਾਇਆ | 

ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਘਰਾਂ ਵਿਚ ਗਿਣਤੀ ਘੱਟ ਕਰਨ ਦਾ ਫ਼ੈਸਲਾ ਇਕ ਮਾਰਚ ਤੋਂ ਬਾਅਦ ਲਿਆ ਜਾਵੇਗਾ | ਉਨ੍ਹਾਂ ਦਸਿਆ ਕਿ ਪ੍ਰਾਈਵੇਟ ਦਫ਼ਤਰਾਂ ਅਤੇ ਰੈਸਟੋਰੈਂਟਾਂ ਨੂੰ  ਸਾਰੇ ਮੁਲਾਜ਼ਮਾਂ ਲਈ ਕੋਰੋਨਾ ਟੈਸਟਾਂ ਦੀ ਤਾਜ਼ਾ ਰੀਪੋਰਟ ਡਿਸਪਲੇਅ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ | ਟੈਸਟਿੰਗ ਵਧਾਉਣ ਦੇ ਆਦੇਸ਼ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਰ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਕਰਵਾਉਣ ਦੇ ਹੁਕਮ ਦਿਤੇ ਹਨ ਅਤੇ ਇਸ ਦੀ ਨਿਗਰਾਨੀ ਸੀ.ਪੀ.ਟੀ.ਓਜ਼ ਵਲੋਂ ਕੀਤੀ ਜਾਵੇਗੀ ਜਦਕਿ ਸਿਹਤ ਵਿਭਾਗ ਪ੍ਰਗਤੀ ਦਾ ਜਾਇਜ਼ਾ ਲਵੇਗਾ |