ਦੁਬਈ ਤੋਂ ਵਾਪਸ ਪਰਤੀ ਔਰਤ ਨੇ ਕੀਤੇ ਅਹਿਮ ਪ੍ਰਗਟਾਵੇ
ਦੁਬਈ ਤੋਂ ਵਾਪਸ ਪਰਤੀ ਔਰਤ ਨੇ ਕੀਤੇ ਅਹਿਮ ਪ੍ਰਗਟਾਵੇ
ਨੌਕਰੀ ਦੇ ਬਹਾਨੇ ਏਜੰਟ ਨਾਲ ਗ਼ਲਤ ਥਾਂ ਭੇਜ ਕੇ ਕਰਵਾਉਂਦੇ ਸਨ ਗ਼ਲਤ ਕੰਮ
ਪੱਟੀ, 23 ਫ਼ਰਵਰੀ (ਅਜੀਤ ਘਰਿਆਲਾ/ਪ੍ਰਦੀਪ) : ਪੀੜਤ ਪ੍ਰਵਾਰਾਂ ਦੀ ਆਰਥਕ ਹਾਲਤ ਠੀਕ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਭਾਲ ਲਈ ਜਾ ਰਹੇ ਹਨ, ਪਰ ਉਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਚੁਕਣ ਲਈ ਕਈ ਏਜੰਟ ਉਨ੍ਹਾਂ ਨੂੰ ਸਬਜ਼ਬਾਗ਼ ਦਿਖਾ ਕੇ ਉਨ੍ਹਾਂ ਦਾ ਆਰਥਕ ਸ਼ੋਸ਼ਣ ਕਰਦੇ ਹਨ ਜਿਸ ਦੀ ਮਿਸਾਲ ਉਸ ਵੇਲੇ ਮਿਲੀ ਜਦ ਪੱਟੀ ਦੀ ਇਕ ਔਰਤ ਜੋ ਕਿ ਏਜੰਟ ਵਲੋਂ ਨੌਕਰੀ ਦੇ ਝਾਂਸੇ ਵਿਚ ਦੁਬਈ ਗਈ ਸੀ ਅਤੇ ਹੁਣ ਉਹ ਦੁਬਈ ਦੇ ਏਜੰਟਾਂ ਦੇ ਚੁੰਗਲ ਵਿਚੋਂ ਨਿਕਲ ਕੇ ਪੱਟੀ ਪੁੱਜੀ |
ਪ੍ਰਵੀਨ ਬਾਲਾ ਨੇ ਅਪਣੇ ਪਤੀ ਗੁਰਸੇਵਕ ਸਿੰਘ ਦੀ ਹਾਜ਼ਰੀ ਵਿਚ ਦੁਬਈ ਵਿਚ ਗੁਰਬਤ ਭਰੀ ਜ਼ਿੰਦਗੀ ਬਤੀਤ ਕਰਨ ਦੀ ਗਾਥਾ ਸੁਣਾਉਦਿਆ ਸ੍ਰੀ ਗੁਰੂ ਨਾਨਕ ਦੇਵ ਮੋਦੀ ਖ਼ਾਨਾ ਵਿਖੇ ਦਸਿਆ ਕਿ ਉਹ ਪੱਟੀ ਵਿਚ ਹੀ ਇਕ ਏਜੰਟ ਦੇ ਝਾਂਸੇ ਵਿਚ ਆ ਕੇ ਦੁਬਈ ਗਈ ਸੀ ਕਿ ਉਸ ਨੂੰ ਨੌਕਰੀ ਮਿਲੇਗੀ, ਜਿਸ ਬਦਲੇ ਉਸ ਨੂੰ ਇਕ ਲੱਖ ਰੁਪਏ ਮਹੀਨਾ ਤਨਖਾਹ ਮਿਲੇਗੀ ਜਿਸ 'ਤੇ ਉਹ 11 ਜਨਵਰੀ ਨੂੰ ਦੁਬਈ ਗਈ, ਜਿਥੇ ਉਸ ਨੂੰ ਦੋ ਦਿਨ ਇਕ ਕਮਰੇ ਵਿਚ ਰਖਿਆ ਗਿਆ ਅਤੇ ਉਨ੍ਹਾਂ ਕੋਲੋਂ ਪਾਸਪੋਰਟ ਵੀ ਖੋਹ ਲਏ ਗਏ | ਬਾਅਦ ਵਿਚ ਉਸ ਨੂੰ ਘਰੇਲੂ ਕੰਮ ਕਹਿ ਕੇ ਗ਼ਲਤ ਕੰਮਾਂ ਵਲ ਧੱਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ
ਉਸ ਨੇ ਵਿਰੋਧ ਕੀਤਾ | ਪ੍ਰਵੀਨ ਬਾਲਾ ਨੇ ਦਸਿਆਂ ਕਿ ਉਸ ਦੇ ਨਾਲ ਕਰੀਬ 60 ਹੋਰ ਲੜਕੀਆ ਸਨ ਜਿਨ੍ਹਾਂ ਨੂੰ ਵੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਖਾਣੇ ਵਿਚ ਸਿਰਫ ਥੋੜੇ੍ਹ ਅਜਿਹੇ ਚੌਲ ਦਿਤੇ ਜਾਂਦੇ, ਜੋ ਵੀ ਇਸ ਦਾ ਵਿਰੋਧ ਕਰਦੀ ਉਸ ਨਾਲ ਕੁੱਟਮਾਰ ਕੀਤੀ ਜਾਦੀ ਸੀ |
ਪੀੜਤ ਪ੍ਰਵੀਨ ਦੇ ਪਤੀ ਗੁਰਸੇਵਕ ਸਿੰਘ ਨੇ ਕਿਸੇ ਤਰੀਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾਂ ਪ੍ਰਧਾਨ ਪਿ੍ੰਸ ਧੁੰਨਾ ਰਾਹੀ ਡਾ. ਐਸ. ਪੀ ਸਿੰਘ ਉਬਰਾਏ ਨੂੰ ਮਿਲ ਕੇ ਮਦਦ ਦੀ ਗੁਹਾਰ ਲਗਾਈ ਤਾਂ ਉਸ ਤੋਂ ਅਗਲੇ ਦਿਨ ਹੀ ਡਾ. ਉਬਰਾਏ ਦਾ ਫ਼ੋਨ ਆਇਆ ਤਾਂ ਉਨ੍ਹਾਂ ਨੇ ਪੀੜਤ ਨੂੰ ਪੰਜਾਬ ਭੇਜਣ ਦਾ ਭਰੋਸਾ ਦਿਤਾ ਅਤੇ ਦੁਬਈ ਵਿਖੇ ਏਜੰਟ ਨਾਲ ਸਪੰਰਕ ਕਰ ਕੇ 60 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦੇ ਝੁੰਗਲ 'ਚੋਂ ਛੁਡਵਾਇਆ |
ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਪਿ੍ੰਸ ਧੁੰਨ੍ਹਾਂ ਨੇ ਕਿਹਾ ਕਿ ਡਾ. ਐਸ ਪੀ ਸਿੰਘ ਉਬਰਾਏ ਵਲੋਂ ਪਹਿਲਾਂ ਵੀ ਕਈ ਪੀੜਤ ਲੜਕੀਆਂ ਨੂੰ ਛੁਡਵਾ ਕੇ ਭਾਰਤ ਲਿਆਂਦਾ ਗਿਆ ਹੈ | ਇਸ ਮੌਕੇ ਕੇ ਪੀ ਗਿੱਲ ਪ੍ਰੈਸ ਸਕੱਤਰ, ਵਿਸ਼ਾਲ ਸੂਦ, ਸੰਜੀਵ ਸੂਦ, ਨਵਰੂਪ ਸੰਧੂ, ਸਤਨਾਮ ਸਿੰਘ ਹਾਜ਼ਰ ਸਨ |
23-02-
ਜਾਣਕਾਰੀ ਦਿੰਦੀ ਹੋਈ ਪੀੜਤ ਪ੍ਰਵੀਨ ਬਾਲਾ ਅਤੇ ਉਸ ਦਾ ਪਤੀ ਗੁਰਸੇਵਕ ਸਿੰਘ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ |