ਸ਼੍ਰੋਮਣੀ ਕਮੇਟੀ ਸਿੱਖਾਂ ਦੇੇ ਭਖਦੇ ਮਸਲੇ ਸੁਲਝਾਉਣ ਵਿਚ ਅਸਫ਼ਲ : ਮਾਨ
ਅੰਮ੍ਰਿਤਸਰ, 23 ਫ਼ਰਵਰੀ (ਅਮਨਦੀਪ ਸਿੰਘ ਕੱਕੜ, ਸੁਖਵਿੰਦਰਜੀਤ ਸਿੰਘ ਬਹੋੜੂ): ਦਿੱਲੀ ਵਿਖੇ ਕਾਲੇ ਕਾਨੂੰਨਾਂ ਨੂੰ ਲੈ ਕੇ ਚਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਨੌਜਵਾਨਾਂ ਅਤੇ ਹੋਰਨਾਂ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਰਿਹਾਅ ਕਰਵਾਉਣ ਅਤੇ ਲਾਪਤਾ ਹੋਏ ਨੌਜਵਾਨ ਕਿਸਾਨਾਂ ਦਾ ਥਹੁ ਪਤਾ ਦਸਣ ਅਤੇ ਝੂਠੇ ਕੇਸ ਵਾਪਸ ਲੈਣ ਦੀਆਂ ਮੰਗਾਂ ਨੂੰ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਦਾ ਇਕ ਪੰਜ ਮੈਂਬਰੀ ਜਥਾ ਅੱਜ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਦਿੱਲੀ ਪਾਰਲੀਮੈਂਟ ਹਾਊਸ ਵਿਖੇ ਗ੍ਰਿਫ਼ਤਾਰੀ ਦੇਣ ਲਈ ਪਾਰਟੀ ਦੇ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ।
ਇਸ ਮੌਕੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਫ਼ਤਰ ਸਕੱਤਰ ਹਰਬੀਰ ਸਿੰਘ ਸੰਧੂ ਅਤੇ ਹੋਰਨਾਂ ਸੀਨੀਅਰ ਆਗੂਆਂ ਨੇ ਸਿਰੋਪਾਉ ਭੇਂਟ ਕਰ ਕੇ ਇਸ ਪੰਜ ਮੈਂਬਰੀ ਜਥੇ ਨੂੰ ਦਿੱਲੀ ਲਈ ਰਵਾਨਾ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਕਾਲੀ ਦਲ (ਅ) ਨੇ ਕਿਹਾ ਕਿ ਕੇਂਦਰ ਗ੍ਰਿਫ਼ਤਾਰ ਕੀਤੇ ਨੌਜਵਾਨ ਅਤੇ ਕਿਸਾਨਾਂ ਨੂੰ ਰਿਹਆ ਕਰੇ। ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਨੇ 90 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਦਿਤੀਆਂ। ਉਨ੍ਹਾਂ ਕਿਹਾ ਕਿ ਜੇਕਰ 26 ਜਨਵਰੀ ਨੂੰ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਤੇ ਲਹਿਰਾਇਆ ਗਿਆ ਸੀ ਤਾਂ ਭਾਰਤ ਦੇ ਝੰਡੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਭੁੱਲ ਜਾਵੇ ਕਿ ਉਹ ਸਿੱਖਾਂ ਨੂੰ ਦਬਾਅ ਲਵੇਗੀ, ਸਿੱਖ ਤਾਂ ਦੂਸਰਿਆਂ ਦੇ ਹੱਕ ਲਈ ਵੀ ਲੜ ਜਾਂਦੇ ਹਨ, ਜਦੋਂ ਉਨ੍ਹਾਂ ਦੇ ਅਪਣਿਆਂ ’ਤੇ ਭੀੜ ਪੈਂਦੀ ਹੈ ਤਾਂ ਇਹ ਉਸ ਦਾ ਮੁਕਾਬਲਾ ਸਿਰ ਧੜ ਦੀ ਬਾਜ਼ੀ ਲਾ ਕੇ ਕਰਦੇ ਹਨ।