ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਨੂੰ ਮਿਲੇਗਾ 'ਰਾਸ਼ਟਰੀ ਬਹਾਦਰੀ ਪੁਰਸਕਾਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੀਆਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ ਜਲੰਧਰ ਦੀ 15 ਸਾਲਾ ਕੁਸੁਮ

Kusum

ਜਲੰਧਰ : ਮੋਬਾਈਲ ਖੋਹ ਦੇ ਬਾਈਕ 'ਤੇ ਭੱਜਣ ਦੇ ਕੋਸ਼ਿਸ਼ ਕਰਦੇ ਲੁਟੇਰਿਆਂ ਨੂੰ ਕਾਬੂ ਕਰਨ ਵਾਲੀ ਜਲੰਧਰ ਵਾਸੀ ਕੁਸੁਮ ਨੂੰ ਹੁਣ 'ਰਾਸ਼ਟਰੀ ਬਹਾਦਰੀ ਪੁਰਸਕਾਰ' ਮਿਲਣ ਜਾ ਰਿਹਾ ਹੈ।  ਮੋਬਾਇਲ ਸਨੈਚਰਾਂ ਨਾਲ ਨਿਹੱਥਾ ਭਿੜਨ ਵਾਲੀ 15 ਸਾਲਾ ਕੁਸੁਮ ਨੂੰ ਇਸ ਤੋਂ ਪਹਿਲਾ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ। ਹੁਣ ਭਾਰਤੀ ਬਾਲ ਕਲਿਆਣ ਸਮਿਤੀ ਵੱਲੋਂ ਵੀ ਕੁਸੁਮ ਦੀ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਚੋਣ ਕੀਤੀ ਗਈ ਹੈ।

ਉਕਤ ਪੁਰਸਕਾਰ ਲਈ ਕੁਸੁਮ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਜਿੱਥੇ ਇਸ ਬੱਚੀ ਦਾ ਬਹਾਦਰੀ ਭਰਿਆ ਕਾਰਨਾਮਾ ਪੂਰੇ ਸ਼ਹਿਰ ਲਈ ਮਾਣ ਦੀ ਗੱਲ ਹੈ, ਉਥੇ ਹੀ ਕੁਸੁਮ ਬਾਕੀ ਲੜਕੀਆਂ ਲਈ ਇਕ ਪ੍ਰੇਰਣਾ-ਸ੍ਰੋਤ ਵਜੋਂ ਸਾਹਮਣੇ ਆਈ ਹੈ।

ਘਨਸ਼ਾਮ ਥੋਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਸੁਮ ਵੱਲੋਂ ਜ਼ਖ਼ਮੀ ਹੋਣ ਦੇ ਬਾਵਜੂਦ ਲੁੱਟ ਦੀ ਵਾਰਦਾਤ ਨੂੰ ਅਸਫ਼ਲ ਬਣਾਉਣ ਲਈ ਵਿਖਾਈ ਹਿੰਮਤ ਅਤੇ ਦਲੇਰੀ ਦੀ ਪ੍ਰਸ਼ੰਸਾ ਕਰਦੇ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਜ਼ਰੀਏ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਸੀ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀ. ਏ. ਪੀ. ਫਲਾਈਓਵਰ ਦੇ ਹੇਠਾਂ ਕੁਸੁਮ ਨੂੰ ਇਕ ਗ੍ਰਾਫਟੀ ਵੀ ਸਮਰਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਸੁਮ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮਿਸ਼ਨ ਤਹਿਤ ਅੰਬੈਸਡਰ ਬਣਾਉਣ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੁਸੁਮ ਨੂੰ ਉਕਤ ਸਨਮਾਨ ਅਗਲੇ ਮਹੀਨੇ ਦਿੱਤਾ ਜਾਵੇਗਾ।

ਕਾਬਲੇਗੌਰ ਹੈ ਕਿ ਕੁਸੁਮ ਦੇ ਬਹਾਦਰੀ ਭਰੇ ਕਾਰਨਾਮੇ ਦੀ ਵੀਡੀਓ ਵਾਇਰਲ ਹੋਣ ਬਾਅਦ ਇਸ ਘਟਨਾ ਦੀ ਚਰਚਾ ਵਿਸ਼ਵ ਪੱਧਰ 'ਤੇ ਹੋਈ ਸੀ। ਖਾਸ ਕਰ ਕੇ ਲੜਕੀਆਂ ਨੂੰ ਇਸ ਤੋਂ ਵੱਡੀ ਪ੍ਰੇਰਣਾ ਮਿਲੀ ਸੀ। ਇਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਲੜਕੀਆਂ ਵੱਲੋਂ ਲੁਟੇਰਿਆਂ ਨੂੰ ਸਬਕ ਸਿਖਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ।