ਲਾਲ ਕਿਲ੍ਹਾ ਹਿੰਸਾ ਮਾਮਲਾ: ਜੰਮੂ ਤੋਂ ਇਕ ਕਿਸਾਨ ਆਗੂ ਸਮੇਤ ਦੋ ਲੋਕ ਗਿ੍ਫ਼ਤਾਰ
ਲਾਲ ਕਿਲ੍ਹਾ ਹਿੰਸਾ ਮਾਮਲਾ: ਜੰਮੂ ਤੋਂ ਇਕ ਕਿਸਾਨ ਆਗੂ ਸਮੇਤ ਦੋ ਲੋਕ ਗਿ੍ਫ਼ਤਾਰ
ਪ੍ਰਵਾਰਕ ਜੀਆਂ ਨੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਕੀਤਾ ਜਾਮ
ਜੰਮੂ,23 ਫ਼ਰਵਰੀ (ਸਰਬਜੀਤ ਸਿੰਘ) : ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਇਕ ਪ੍ਰਮੁੱਖ ਕਿਸਾਨ ਆਗੂ ਸਣੇ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ |
ਗਿ੍ਫ਼ਤਾਰ ਕੀਤੇ ਵਿਆਕਤੀਆਂ ਦੀ ਪਛਾਣ ਜੰਮੂ ਕਸ਼ਮੀਰ ਯੂਨਾਈਟਿਡ ਕਿਸਾਨ ਫ਼ਰੰਟ ਦੇ ਚੇਅਰਮੈਨ ਰਾਗੀ ਭਾਈ ਮਹਿੰਦਰ ਸਿੰਘ (45), ਨਿਵਾਸੀ ਚੱਠਾ ਅਤੇ ਮਨਦੀਪ ਸਿੰਘ (23), ਨਿਵਾਸੀ ਮਹੱਲਾ ਸੱਚਖੰਡ, ਗੋਲ ਗੁਜਰਾਲ ਦੇ ਰੂਪ ਵਿਚ ਹੋਈ ਹੈੈ | ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਵਿਆਕਤੀਆਂ ਉਪਰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੀ ਸਾਜ਼ਸ਼ ਰਚਣ ਅਤੇ ਸਰਗਰਮ ਹਿੱਸੇਦਾਰੀ ਦਾ ਦੋਸ਼ ਲਗਾਇਆ ਗਿਆ ਹੈ | ਉਨ੍ਹਾਂ ਦਸਿਆ ਕਿ ਦੋਵਾਂ ਨੂੰ ਸੋਮਵਾਰ ਦੇਰ ਰਾਤ ਜੰਮੂ ਤੋਂ ਗਿ੍ਫ਼ਤਾਰ ਕੀਤਾ ਗਿਆ | ਸੂਤਰਾਂ ਅਨੁਸਾਰ ਰਾਗੀ ਭਾਈ ਮਹਿੰਦਰ ਸਿੰਘ ਨੂੰ ਫ਼ੋਨ ਰਾਹੀ ਐਸ.ਪੀ ਸਾਉਥ ਜੰਮੂ ਨੇ ਅਪਣੇ ਗਾਂਧੀ ਨਗਰ ਦਫ਼ਤਰ ਬੁਲਾਇਆ ਤੇ ਉਥੇ ਪਹਿਲਾ ਤੋਂ ਮੌਜੂਦ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿਤਾ ਜਿਸ ਤੋਂ ਬਾਅਦ ਭਾਈ ਮਹਿੰਦਰ ਸਿੰਘ ਹਿਰਾਸਤ ਲੈ ਕੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਪੁਛਗਿੱਛ ਲਈ ਦਿੱਲੀ ਰਵਾਨਾ ਹੋ ਗਈ | ਅੱਜ ਸਵੇਰੇ ਘਟਨਾ ਦੀ ਖਬਰ ਮਿਲਦੇ ਭਾਰੀ ਗਿਣਤੀ ਵਿਚ ਸਥਾਨਕ ਲੋਕਾਂ ਨੇ ਦਿੱਲੀ ਪੁਲਿਸ ਵਲੋਂ ਕੀਤੀਆਂ ਗਿ੍ਫ਼ਤਾਰੀਆਂ ਦੇ ਵਿਰੋਧ ਵਿਚ 11 ਵਜੇ ਦੇ ਕਰੀਬ ਡਿਗਿਆਣਾ
ਕੈਂਪ ਦੇ ਜੰਮ ੂਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿਤਾ ਅਤੇ ਸੜਕ ਨੂੰ ਦੋਵਾਂ ਪਾਸਿਆਂ ਤੋਂ ਜਾਮ ਕਰ ਦਿਤਾ | ਧਰਨਾ ਪ੍ਰਦਰਸ਼ਨ ਦੀ ਖ਼ਬਰ ਮਿਲਦੇ ਹੀ ਭਾਰੀ ਗਿਣਤੀ ਵਿਚ ਪੁਲਿਸ ਬਲ ਮੌਕੇ 'ਤੇ ਪਹੁੰਚ ਗਏ |
ਇਸ ਮੌਕੇ ਭਾਈ ਮਹਿੰਦਰ ਸਿੰਘ ਦੀ ਪਤਨੀ ਤੀਰਥ ਕੌਰ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ ਰਾਤ ਉਨ੍ਹਾਂ ਦੇ ਪਤੀ ਨੂੰ ਸੀਨੀਅਰ ਪੁਲਿਸ ਕਪਤਾਨ ਨੇ ਫੋਨ ਕਰ ਕੇ ਬੁਲਾਇਆ ਸੀ ਪਰ ਕੁਝ ਸਮੇਂ ਬਆਦ ਉਨ੍ਹਾਂ ਦਾ ਮੋਬਾਈਲ ਬੰਦ ਹੋ ਗਿਆ | ਤੀਰਥ ਕੌਰ ਨੇ ਦਸਿਆ ਕਿ ਪੁਛਗਿਛ ਕਰਨ ਤੋਂ ਬਾਅਦ ਉਸ ਨੂੰ ਪਤਾ ਚਲਿਆ ਕਿ ਉਨ੍ਹਾਂ ਦੇ ਪਤੀ ਨੂੰ ਜੰਮੂ ਪੁਲਿਸ ਨੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿਤਾ ਹੈ | ਉਸ ਨੇ ਦਾਅਵਾ ਕੀਤਾ ਕਿ ਉਸਦਾ ਪਤੀ 26 ਜਨਵਰੀ ਨੂੰ ਦਿੱਲੀ ਹੀ ਸੀ ਪਰ ਜਦੋਂ ਹਿੰਸਾ ਹੋਈ ਉਹ ਲਾਲ ਕਿਲ੍ਹੇ ਨਹੀ ਸੀ |
ਉਨ੍ਹਾਂ ਦਸਿਆ ਕਿ ਉਹ ਐਸ.ਪੀ ਨੂੰ ਮਿਲਣ ਇਕ ਲੇ ਗਏ ਸਨ ਕਿਉਂਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਸੀ ਕੀਤਾ | ਪ੍ਰਦਾਰਸ਼ਨਕਾਰੀਆਂ ਨੂੰ ਐਸ.ਸੀ. / ਐਸ.ਟੀ. / ਓ.ਬੀ.ਸੀ ਆਗੂ ਆਰ.ਕੇ.ਕਲੋਸਤਰਾ, ਰਾਗੀਦਵਿੰਦਰ ਸਿੰਘ (ਮਹਿੰਦਰ ਸਿੰਘ ਖਾਲਸੇ ਦਾਭਰਾ) ਚੇਅਰਮੈਨ ਨਿਰਬਾਓ ਨਿਰਵਾਣ ਸੰਗਠਨ ਦੇ ਪ੍ਰਧਾਨ ਹਰਜੀਤ ਸਿੰਘ, ਨਰਿੰਦਰ ਸਿੰਘ ਖਾਲਸਾ, ਅਜਮੀਤ ਸਿੰਘ ਸਿੰਬਲ ਕੈਂਪ, ਜਤਿੰਦਰ ਸਿੰਘ ਕਾਰਪੋਰੇਟਰ , ਰਵਿੰਦਰ ਸਿੰਘ ਸਰਪੰਚ ਸਿੰਬਲ ਕੈਂਪ, ਤਰਨਜੀਤ ਸਿੰਘ ਟੋਨੀ ਡੀਡੀਸੀ ਮੈਂਬਰ ਸੁਚੇਤਗੜ੍ਹ, ਵਰਿੰਦਰ ਸਿੰਘ ਸੋਨੂੰ ਪੀਡੀਪੀ ਅਤੇ ਮਨੀਸ ਸਾਹਨੀ ਆਦਿ ਵੀ ਸੰਬੋਧਨ ਕੀਤਾ | ਬਾਅਦ ਵਿਚ ਏ.ਡੀਸੀ ਜੰਮੂ ਵਿਰੋਧ ਪ੍ਰਦਰਸਨ ਵਾਲੀ ਥਾਂ 'ਤੇ ਪਹੁੰਚੇ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਭਰੋਸਾ ਦਿਤਾ ਕਿ ਮਹਿੰਦਰ ਸਿੰਘ ਅਤੇ ਮਨਦੀਪ ਸਿੰਘ ਨਾਲ ਕਿਸੇ ਵੀ ਕਿਸਮ ਦਾ ਕੋਈ ਧਕਾ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਪਰਵਾਰ ਵਾਲਿਆਂ ਨੂੰ ਵਿਸ਼ਵਾਸ ਦਿਤਾ ਕਿ ਪਰਵਾਰ ਵਾਲਿਆਂ ਨਾਲ ਮਹਿੰਦਰ ਸਿੰਘ ਦੀ ਫੋਨ ਰਾਹੀ ਗੱਲਬਾਤ ਵੀ ਕਰਵਾਈ ਜਾਵੇਗੀ | ਜਿਸ ਤੋਂ ਬਆਦ ਵਿਰੋਧ ਪ੍ਰਦਰਸ਼ਨ 2 ਵਜੇ ਦੇ ਕਰੀਬ ਖ਼ਤਮ ਕਰ ਦਿਤਾ ਗਿਆ |
ਫੋਟੋ - 23ਜੰਮੂ 1 ਤੋ 7