ਡਰੱਗ ਮਾਮਲਾ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕੀਤਾ ਮੋਹਾਲੀ ਅਦਾਲਤ ਵਿਚ ਆਤਮ ਸਮਰਪਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਮਾਨਤ ਲਈ ਅਪਲਾਈ ਕਰ ਸਕਦੇ ਮਜੀਠੀਆ 

Bikram Majithia

 

ਮੋਹਾਲੀ : ਡਰੱਗਜ਼ ਕੇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਮੋਹਾਲੀ ਅਦਾਲਤ 'ਚ ਆਤਮ-ਸਮਰਪਣ ਕੀਤਾ ਗਿਆ ਹੈ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ 'ਚ ਮਜੀਠੀਆ ਨੂੰ ਦਿੱਤੀ ਰਾਹਤ ਅੱਜ ਖ਼ਤਮ ਹੋ ਗਈ ਹੈ, ਜਿਸ ਤੋਂ ਬਾਅਦ ਉਹ ਮੋਹਾਲੀ ਦੀ ਅਦਾਲਤ 'ਚ ਸਰੰਡਰ ਕਰਨ ਪੁੱਜੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ੍ਹ ਮੁਹਾਲੀ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਪੂਰਾ ਦਿਨ ਇੰਤਜ਼ਾਰ ਕੀਤਾ ਪਰ ਮਜੀਠੀਆ ਆਤਮ ਸਮਰਪਣ ਕਰਨ ਨਹੀਂ ਆਏ।

ਦੱਸ ਦਈਏ ਕਿ ਮਜੀਠੀਆ ਖਿਲਾਫ਼ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਦੋਸ਼ 'ਚ ਮੋਹਾਲੀ ਦੀ ਕ੍ਰਾਈਮ ਬ੍ਰਾਂਚ 'ਚ ਮਾਮਲਾ ਦਰਜ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਜ਼ਮਾਨਤ ਨਾ ਮਿਲਣ ਕਾਰਨ ਚੋਣ ਲੜਨ ਲਈ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਸੀ। ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਸਿਆਸੀ ਬਦਲਾਖੋਰੀ ਕਾਰਨ ਇਹ ਕੇਸ ਦਰਜ ਕੀਤਾ ਹੈ।

ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਅਦਾਲਤ 'ਚ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ, ਜੋ ਖਾਰਜ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਇੱਥੇ ਕੁੱਝ ਦਿਨਾਂ ਦੀ ਅੰਤਰਿਮ ਰਾਹਤ ਮਿਲਣ ਮਗਰੋਂ ਉਨ੍ਹਾਂ ਦੀ ਪਟੀਸ਼ਨ ਖਾਰਜ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ 24 ਫਰਵਰੀ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਸੀ, ਜੋ ਕਿ ਅੱਜ ਖ਼ਤਮ ਹੋ ਗਈ ਜਿਸ ਤੋਂ ਬਾਅਦ ਅੱਜ ਮਜੀਠੀਆ ਨੇ ਮੁਹਾਲੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ।