ਮੋਗਾ ਪੁਲਿਸ ਦੀ ਨਾਜਾਇਜ਼ ਮਾਈਨਿੰਗ 'ਤੇ ਵੱਡੀ ਕਾਰਵਾਈ, 4 ਖ਼ਿਲਾਫ਼ ਮਾਮਲਾ ਦਰਜ, ਮੌਕੇ ਤੋਂ 6 ਟਰੈਕਟਰ ਟਰਾਲੀਆਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਟਰੈਕਟਰ ਟਰਾਲੀਆਂ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ

photo

 

ਮੋਗਾ : ਕਸਬਾ ਕੋਟ ਇਸੇ ਖਾਨ ਵਿਚ ਪੁਲਿਸ ਨੇ ਨਜਾਇਜ਼ ਮਾਈਨਿੰਗ 'ਤੇ ਵੱਡੀ ਕਾਰਵਾਈ ਕੀਤੀ ਹੈ। ਬੀਤੀ ਦੇਰ ਰਾਤ ਮੋਗਾ ਕੋਟ ਇਸੇ ਖਾਨ ਦੀ ਪੁਲਿਸ ਨੇ ਮੋਗਾ ਦੇ ਪਿੰਡ ਦੋਲੇਵਾਲਾ ਪੰਚਾਇਤ ਦੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕਰ ਰਹੇ ਖੱਡਾ 'ਚੋਂ 6 ਟਰੈਕਟਰ ਟਰਾਲੀਆਂ ਅਤੇ ਇਕ ਟਿੰਡਾਂ ਬਰਾਮਦ ਕੀਤਾ ਹੈ।

ਮੁਲਜ਼ਮ ਟਰੈਕਟਰ ਟਰਾਲੀਆਂ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮਾਈਨਿੰਗ ਕਰਨ ਵਾਲਾ ਗੁਰਦੁਆਰੇ ਦਾ ਸੇਵਾਦਾਰ ਦੱਸਿਆ ਜਾ ਰਿਹਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਦਾ ਕੰਮ ਕਰ ਰਿਹਾ ਸੀ। ਉਕਤ ਪੁਲਿਸ ਨੇ ਅੱਜ ਮੌਕੇ 'ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਪੁਲਿਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਮੋਗਾ ਕੋਟਾ ਇਸੇ ਖਾਨ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੋਗਾ ਦੇ ਐਸ.ਐਸ.ਪੀ ਸਾਹਿਬ ਦੇ ਸਖ਼ਤ ਨਿਰਦੇਸ਼  ਹਨ ਕਿ ਜ਼ਿਲ੍ਹੇ 'ਚ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ, ਜਿਸ ਤਹਿਤ 22/23 ਦੀ ਰਾਤ ਨੂੰ ਸੂਚਨਾ ਮਿਲੀ ਸੀ ਕਿ ਅਵਤਾਰ ਸਿੰਘ ਅਤੇ ਉਸ ਦਾ ਪੁੱਤਰ ਸੂਬਾ ਸਿੰਘ ਵਾਸੀ ਦੋਲੋਵਾਲਾ ਜ਼ਿਲ੍ਹਾ ਮੋਗਾ ਵੱਲੋਂ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।  ਛਾਪੇਮਾਰੀ ਕਰ ਕੇ 6 ਟਰੈਕਟਰ ਟਰਾਲੀਆਂ ਅਤੇ ਇਕ ਟਿੰਡਾਂ ਬਰਾਮਦ ਕੀਤਾ ਗਿਆ ਅਤੇ ਸਾਰੇ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ।ਪੁਲਿਸ ਨੇ ਅਵਤਾਰ ਸਿੰਘ ਅਤੇ ਉਸ ਦੇ ਪੁੱਤਰਾਂ ਸੂਬਾ ਸਿੰਘ ਅਤੇ ਬੂਟਾ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।