ਬਿਨਾਂ ਮਨਜ਼ੂਰੀ ਵਿਦੇਸ਼ ਗਏ ਨੰਬਰਦਾਰਾਂ 'ਤੇ ਕੱਸੀ ਜਾਵੇਗੀ ਨਕੇਲ, ਪ੍ਰਸ਼ਾਸਨ ਚੁੱਕੇਗਾ ਸਖ਼ਤ ਕਦਮ

ਏਜੰਸੀ

ਖ਼ਬਰਾਂ, ਪੰਜਾਬ

ਜਲੰਧਰ ਦੀਆਂ 6 ਸਬ-ਡਿਵੀਜ਼ਨਾਂ ਅਤੇ ਤਹਿਸੀਲਾਂ ’ਚ 149 ਅਜਿਹੇ ਨੰਬਰਦਾਰਾਂ ਦੀ ਲਿਸਟ ਸੌਂਪੀ ਹੈ, ਜਿਹੜੇ ਕਿ ਬਿਨਾਂ ਮਨਜ਼ੂਰੀ ਹਾਸਲ ਕੀਤੇ ਵਿਦੇਸ਼ ਗਏ ਹੋਏ ਹਨ

jalandhar deputy commissioner

ਜਲੰਧਰ - ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਨਾਂ ਮਨਜ਼ੂਰੀ ਲਏ ਜ਼ਿਲ੍ਹੇ ਨਾਲ ਸਬੰਧਤ ਵੱਡੀ ਗਿਣਤੀ ਵਿਚ ਨੰਬਰਦਾਰ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ਾਂ ਵਿਚ ਬੈਠੇ ਹੋਏ ਹਨ। ਇਨ੍ਹਾਂ ਨੰਬਰਦਾਰਾਂ ਨੂੰ ਬਿਨਾਂ ਕੋਈ ਕੰਮ ਕੀਤੇ ਸਰਕਾਰ ਵੱਲੋਂ ਜ਼ਰੂਰੀ ਮਾਣਭੱਤਾ ਅਤੇ ਹੋਰ ਸਹੂਲਤਾਂ ਲਗਾਤਾਰ ਮਿਲ ਰਹੀਆਂ ਹਨ। ਇਹ ਸਾਰੀ ਖੇਡ ਪਟਵਾਰੀਆਂ ਅਤੇ ਤਹਿਸੀਲ ਸਟਾਫ਼ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਪਰ ਹੁਣ ਅਜਿਹੇ ਨੰਬਰਦਾਰਾਂ 'ਤੇ ਨਕੇਲ ਕੱਸੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰਾਂ ਤੋਂ ਉਨ੍ਹਾਂ ਦੀ ਸਬੰਧਤ ਸਬ-ਡਿਵੀਜ਼ਨ ਅਤੇ ਤਹਿਸੀਲਾਂ ਵਿਚ ਬਿਨਾਂ ਮਨਜ਼ੂਰੀ ਦੇ ਵਿਦੇਸ਼ ਗਏ ਨੰਬਰਦਾਰਾਂ ਦੀ ਰਿਪੋਰਟ ਤਲਬ ਕਰ ਲਈ ਹੈ। ਹਾਲਾਂਕਿ ਤਹਿਸੀਲਦਾਰਾਂ ਨੇ ਡੀ. ਸੀ. ਨੂੰ ਜ਼ਿਲ੍ਹੇ ਵਿਚ ਤਾਇਨਾਤ ਕੀਤੇ ਨੰਬਰਦਾਰਾਂ ਵਿਚੋਂ ਜਲੰਧਰ ਦੀਆਂ 6 ਸਬ-ਡਿਵੀਜ਼ਨਾਂ ਅਤੇ ਤਹਿਸੀਲਾਂ ’ਚ 149 ਅਜਿਹੇ ਨੰਬਰਦਾਰਾਂ ਦੀ ਲਿਸਟ ਸੌਂਪੀ ਹੈ, ਜਿਹੜੇ ਕਿ ਬਿਨਾਂ ਮਨਜ਼ੂਰੀ ਹਾਸਲ ਕੀਤੇ ਵਿਦੇਸ਼ ਗਏ ਹੋਏ ਹਨ

ਪਰ ਡੀ. ਸੀ. ਇਸ ਸੂਚੀ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਜ਼ਿਲ੍ਹੇ ਵਿਚ ਤਾਇਨਾਤ ਤਹਿਸੀਲਦਾਰਾਂ ਨੂੰ ਚਿੱਠੀ ਲਿਖ ਕੇ 2 ਦਿਨਾਂ ਅੰਦਰ ਰਿਪੋਰਟ ਮੰਗੀ ਹੈ ਕਿ ਜਿਹੜੇ ਨੰਬਰਦਾਰ ਡੀ. ਸੀ. ਦੀ ਮਨਜ਼ੂਰੀ ਲਏ ਬਿਨਾਂ ਵਿਦੇਸ਼ ਚਲੇ ਗਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੇਸ ਸਬੰਧਤ ਐੱਸ. ਡੀ. ਐੱਮ. ਜ਼ਰੀਏ ਸਿਫ਼ਾਰਸ਼ੀ ਟਿੱਪਣੀ ਸਮੇਤ ਡੀ. ਸੀ. ਆਫਿਸ ਭੇਜੇ ਜਾਣ ਤਾਂ ਕਿ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਹੁਣ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਨੰਬਰਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਜਿਹੜੇ ਨੰਬਰਦਾਰ ਬਿਨਾਂ ਮਨਜ਼ੂਰੀ ਦੇ ਵਿਦੇਸ਼ ਗਏ ਪਾਏ ਗਏ, ਉਨ੍ਹਾਂ ਦੀ ਨੰਬਰਦਾਰੀ ਰੱਦ ਕਰਨ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ।