ਨਹਿਰ 'ਚ ਛਾਲ ਮਾਰ ਕੇ ਨੌਜਵਾਨ ਨੇ ਦਿਤੀ ਜਾਨ, ਗੋਤਾਖੋਰਾਂ ਨੇ 15 ਘੰਟੇ ਬਾਅਦ ਲਬਰਾਮਦ ਕੀਤੀ ਲਾਸ਼

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ ਮ੍ਰਿਤਕ 

representational Image

ਅਬੋਹਰ : ਇਥੇ ਬੀਤੇ ਕੱਲ ਲਾਪਤਾ ਹੋਏ ਵਿਅਕਤੀ ਦੀ ਲਾਸ਼ ਅੱਜ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਮਲੂਕਪੁਰਾ ਮਾਈਨਰ ਤੋਂ ਬਰਾਮਦ ਹੋਈ ਹੈ। ਸੂਚਨਾ ਮਿਲਣ 'ਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਪੁਲਿਸ ਥਾਣਾ ਸਿਟੀ-2 ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਤਾ ਲੱਗਿਆ ਹੈ ਕਿ ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਜਾਣਕਾਰੀ ਅਨੁਸਾਰ ਪਿੰਡ ਬਹਾਵਲਬਾਸੀ ਨਜ਼ਦੀਕ ਮਿਜੀਸਿੰਘ ਕੀ ਢਾਣੀ ਦਾ ਰਹਿਣ ਵਾਲਾ ਮਹਾਵੀਰ (30) ਲੱਕੜਾਂ ਵਾਲਾ ਟਰੈਕਟਰ ਚਲਾਉਂਦਾ ਸੀ। ਘਰ ਦਾ ਸਾਰਾ ਖਰਚਾ ਵੀ ਉਸ ਦੀ ਕਮਾਈ ਵਿੱਚੋਂ ਹੀ ਚੱਲਦਾ ਸੀ। ਉਸ ਦੇ ਦੋ ਬੱਚੇ ਹਨ, ਇਕ ਲੜਕਾ ਅਤੇ ਇਕ ਲੜਕੀ। ਵੀਰਵਾਰ ਨੂੰ ਹਨੂੰਮਾਨਗੜ੍ਹ ਰੋਡ ਤੋਂ ਲੰਘਦੇ ਮਲੂਕਪੁਰਾ ਮਾਈਨਰ ਦੀ ਸਾਈਡ ਤੋਂ ਉਸ ਦਾ ਮੋਟਰਸਾਈਕਲ ਬਰਾਮਦ ਹੋਇਆ। ਉਦੋਂ ਤੋਂ ਉਸ ਦੇ ਰਿਸ਼ਤੇਦਾਰ ਉਸ ਦੀ ਨਹਿਰ ਵਿੱਚ ਭਾਲ ਕਰ ਰਹੇ ਸਨ।

ਮਹਾਵੀਰ ਦੀ ਭਾਲ ਲਈ ਰਿਸ਼ਤੇਦਾਰਾਂ ਵੱਲੋਂ ਸਾਧੂਵਾਲੀ ਤੋਂ ਗੋਤਾਖੋਰ ਵੀ ਬੁਲਾਏ ਗਏ ਜੋ ਕਿ ਨਹਿਰ 'ਚੋਂ ਮਹਾਵੀਰ ਦੀ ਲਗਾਤਾਰ ਭਾਲ ਕਰ ਰਹੇ ਸਨ। ਮਹਾਵੀਰ ਦੀ ਲਾਸ਼ ਅੱਜ ਸਵੇਰੇ ਜਿੱਥੋਂ ਮੋਟਰਸਾਈਕਲ ਬਰਾਮਦ ਕੀਤਾ ਗਿਆ, ਉਸ ਤੋਂ ਕੁਝ ਦੂਰੀ 'ਤੇ ਗੋਤਾਖੋਰਾਂ ਨੇ ਬਰਾਮਦ ਕੀਤਾ। ਇਸ ਤੋਂ ਬਾਅਦ ਥਾਣਾ ਸਿਟੀ ਦੋ ਦੀ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸੇਵਾਦਾਰ ਬਿੱਟੂ ਨਰੂਲਾ, ਸੋਨੂੰ ਗਰੋਵਰ ਅਤੇ ਜਗਦੇਵ ਬਰਾੜ ਦੀ ਮਦਦ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੌਰਚਰੀ 'ਚ ਭੇਜ ਦਿੱਤਾ।

ਮ੍ਰਿਤਕ ਦੇ ਵੱਡੇ ਭਰਾ ਵਿੱਕੀ ਨੇ ਦੱਸਿਆ ਕਿ ਉਸ ਦਾ ਭਰਾ ਮਹਾਵੀਰ ਲੜਕੀਆਂ ਵਾਲਾ ਟਰੈਕਟਰ ਚਲਾ ਕੇ ਆਪਣੇ ਪਰਿਵਾਰ ਪਾਲਦਾ ਸੀ। ਉਹ ਕਰੀਬ 2 ਸਾਲਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਵੱਲੋਂ ਵਿੱਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।