ਸ਼ੁਭਕਰਨ ਸਿੰਘ ਦੇ ਕਤਲ ਦਾ ਪਰਚਾ ਦਰਜ ਨਾ ਕੀਤਾ ਗਿਆ ਤਾਂ ਕਾਂਗਰਸ ਪੂਰੇ ਪੰਜਾਬ ’ਚ ਪ੍ਰਦਰਸ਼ਨ ਕਰੇਗੀ : ਰਾਜਾ ਵੜਿੰਗ

ਏਜੰਸੀ

ਖ਼ਬਰਾਂ, ਪੰਜਾਬ

ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਸੰਗਰੂਰ ਦੀ ਪੁਲਿਸ ਲਾਇਨ ਬਾਹਰ ਧਰਨਾ ਦਿਤਾ

Amrinder Singh Raja Warring

ਸੰਗਰੂਰ: ਖਨੌਰੀ ਬਾਰਡਰ ’ਤੇ ਪਿਛਲੇ ਦਿਨੀਂ ਇਕ ਨੌਜੁਆਨ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ’ਚ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਸੰਗਰੂਰ ਪੁਲਿਸ ਲੇਨ ’ਚ ਇਕ ਵਿਸ਼ਾਲ ਧਰਨਾ ਦਿਤਾ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਈ ਹੈ ਅਤੇ ਪੰਜਾਬ ਸਰਕਾਰ ਇਸ ਮਾਮਲੇ ’ਚ ਹਰਿਆਣਾ ਦੇ ਐਸ.ਪੀ. ਅਤੇ ਗ੍ਰਹਿ ਮੰਤਰੀ ਵਿਰੁਧ ਪਰਚਾ ਦਰਜ ਕਰਨ ਦੀ ਬਜਾਏ ਅਜੇ ਤਕ ਮੂਕ ਦਰਸ਼ਕ ਬਣੀ ਹੋਈ ਹੈ। 

ਰਾਜਾ ਵੜਿੰਗ ਨੇ ਇਸ ਬਾਰੇ ਸਪੋਕਸਮੈਨ ਟੀ.ਵੀ. ਨਾਲ ਗੱਲ ਕਰਦਿਆਂ ਕਿਹਾ, ‘‘ਅੱਜ ਜੋ ਧਰਨਾ ਦਿਤਾ ਗਿਆ ਉਸ ਤੋਂ ਦੋ ਦਿਨ ਪਹਿਲਾਂ ਮੈਂ ਸ਼ਿਕਾਇਤ ਦਿਤੀ ਸੀ ਕਿ ਜੀਂਦ ਦੇ ਐਸ.ਪੀ. ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ’ਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਸ਼ੁਭਕਰਨ ਸਿੰਘ ਦਾ ਕਤਲ ਹੋਇਆ ਹੈ। ਪਰ ਚਾਰ ਦਿਨ ਬਾਅਦ ਵੀ ਕਿਸੇ ਨੇ ਪਰਚਾ ਦਰਜ ਨਹੀਂ ਕੀਤਾ। ਅਸੀਂ ਅੱਜ ਐਸ.ਐਸ.ਪੀ. ਸੰਗਰੂਰ ਦੇ ਦਫ਼ਤਰ ਬਾਹਰ ਅਸੀਂ ਇਸ ਕਾਰਨ ਧਰਨਾ ਦਿਤਾ ਹੈ ਕਿ ਉਹ ਅਪਣੀ ਖਨੌਰੀ ਚੌਕੀ ’ਚ ਪਰਜ ਦਰਜ ਕਰਨ ਅਤੇ ਚਲਾਨ ਪੇਸ਼ ਕਰਨ। ਇਸ ਦਾ ਫੈਸਲਾ ਅਦਾਲਤ ਕਰੇਗੀ ਕਿ ਕਿਸ ਨੇ ਗੋਲੀ ਚਲਾਈ ਹੈ।’’

ਪਰਚਾ ਅਜੇ ਤਕ ਦਰਜ ਨਾ ਕੀਤੇ ਜਾਣ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਦੇਸ਼ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਦਬਾਅ ਹੋਣ ਕਾਰਨ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਘਟਨਾ ਹਰਿਆਣਾ ’ਚ ਵਾਪਰੀ ਹੈ ਤਾਂ ਹਰਿਆਣਾ ਵਾਲੇ ਪਰਚਾ ਦਰਜ ਕਰਨ। ਇਕ ਇਨਸਾਨ ਦਾ ਪੁੱਤਰ ਮਰ ਗਿਆ ਹੈ ਪਰਚਾ ਤਾਂ ਦਰਜ ਹੋਣਾ ਚਾਹੀਦਾ ਹੈ। ਕਤਲ ਤਾਂ ਹੋਇਆ ਹੈ ਗੋਲੀ ਨਾਲ, ਤਫ਼ਤੀਸ਼ ਤਾਂ ਹੋਣੀ ਚਾਹੀਦੀ ਹੈ ਕਿ ਕਤਲ ਕਿਸ ਨੇ ਕੀਤਾ।’’

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅੱਥਰੂ ਗੈਸ ਦੇ ਪਰਦੇ ਪਿੱਛੋਂ ਗੋਲੀ ਹਰਿਆਣਾ ਪੁਲਿਸ ਵਲੋਂ ਚਲਾਈ ਜਾ ਰਹੀ ਹੈ ਉਹ ਵੀ ਨਿਜੀ ਹਥਿਆਰਾਂ ਨਾਲ ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਚੰਡੀਗੜ੍ਹ ’ਚ ਜਾ ਕੇ ਵੀ ਪ੍ਰਦਰਸ਼ਨ ਕਰਾਂਗੇ ਅਤੇ ਫਿਰ ਵੀ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ’ਚ ਪ੍ਰਦਰਸ਼ਨ ਹੋਣਗੇ। 

ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ’ਤੇ ਰੋਕੇ ਜਾਣ ਬਾਰੇ ਉਨ੍ਹਾਂ ਕਿਹਾ, ‘‘ਜਾਣਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿਤਾ ਜਾ ਰਿਹਾ ਹੈ ਕਿਉਂਕਿ ਦੇਸ਼ ਭਰ ’ਚ ਇਕ ਉਦਾਹਰਣ ਬਣਾ ਦਿਤੀ ਗਈ ਹੈ ਕਿ ਪੱਗ ਵਾਲਾ ਖ਼ਾਲਿਸਤਾਨੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਬੰਗਾਲ ’ਚ ਇਕ ਆਈ.ਪੀ.ਐਸ. ਅਫ਼ਸਰ ਨੂੰ ਦੋ ਔਰਤਾਂ ਕਹਿ ਰਹੀਆਂ ਹਨ ਕਿ ਤੁਸੀਂ ਖ਼ਾਲਿਸਤਾਨੀ ਹੋ। ਇਸ ਤਰ੍ਹਾਂ ਦਾ ਮਾਹੌਲ ਬਣਾ ਦਿਤਾ ਗਿਆ ਹੈ। ਜਦਕਿ ਸੱਚਾਈ ਇਹ ਹੈ ਕਿ ਜਿਸ ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਹਨ ਉਸ ਆਜ਼ਾਦੀ ਨੂੰ ਪ੍ਰਾਪਤ ਕਰਨ ’ਚ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਲੋਕਾਂ ਦਾ ਹੈ। ਸਾਡੇ ਨਾਲ ਪਾਕਿਸਤਾਨ ਵਰਗਾ ਵਤੀਰਾ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਪਿੱਛੇ ਰਹਿ ਕੇ ਸਮਰਥਨ ਦੇਣ ਦੀ ਗੱਲ ਕਹੀ ਹੈ ਜਿਸ ਕਾਰਨ ਉਹ ਕਿਸਾਨਾਂ ਨਾਲ ਅੱਗੇ ਹੋ ਕੇ ਕੇਂਦਰ ਸਰਕਾਰ ਵਿਰੁਧ ਪ੍ਰਦਰਸ਼ਨ ਨਹੀਂ ਕਰ ਰਹੇ।