Punjab News: ਕਿਸਾਨ ਅੰਦੋਲਨ 'ਚ ਜ਼ਖਮੀ ਹੋਏ ਕਿਸਾਨਾਂ ਨੂੰ ਪੰਜਾਬ ਭੇਜਣ ਦੀ ਮੰਗ, ਮੁਫ਼ਤ ਇਲਾਜ ਦੀ ਗੱਲ ਕਹੀ
ਪੰਜਾਬ ਦੇ ਮੁੱਖ ਸਕੱਤਰ ਨੇ ਹਰਿਆਣਾ ਨੂੰ ਲਿਖਿਆ ਪੱਤਰ
Punjab News: ਚੰਡਗੜ੍ਹ - ਅੰਦੋਲਨ ਵਿਚ ਜ਼ਖਮੀ ਕਿਸਾਨ ਦੇ ਰੋਹਤਕ ਪੀਜੀਆਈ ਵਿਚ ਹੋਣ ਦੀ ਸੂਚਨਾ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸਰਕਾਰਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਹੈ। ਇਹ ਕਿਸਾਨ ਪ੍ਰਿਤਪਾਲ ਸਿੰਘ 21 ਫਰਵਰੀ ਨੂੰ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਅਫਵਾਹ ਫੈਲ ਗਈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਹਰਿਆਣਾ ਪੁਲਿਸ ਨੇ ਦੱਸਿਆ ਕਿ ਉਹ ਰੋਹਤਕ ਪੀਜੀਆਈ ਵਿਚ ਦਾਖ਼ਲ ਹੈ।
ਹੁਣ ਪੰਜਾਬ ਦੇ ਮੁੱਖ ਸਕੱਤਰ (ਸੀਐਸ) ਅਨੁਰਾਗ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਪੱਤਰ ਲਿਖ ਕੇ ਕਿਸਾਨ ਨੂੰ ਪੰਜਾਬ ਹਵਾਲੇ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਰੋਹਤਕ ਪੀਜੀਆਈ ਵਿਚ ਜ਼ਖ਼ਮੀ ਹੋਏ ਪ੍ਰਿਤਪਾਲ ਦਾ ਵੀ ਮਾਮਲਾ ਉਠਿਆ ਹੈ। ਪਤਾ ਲੱਗਿਆ ਹੈ ਕਿ ਕਿਸਾਨ ਅੰਦੋਲਨ ਦੌਰਾਨ ਜ਼ਖਮੀ ਹੋਏ ਪੰਜਾਬ ਦੇ ਪ੍ਰਿਤਪਾਲ ਸਿੰਘ ਦਾ ਪੀਜੀਆਈ ਰੋਹਤਕ ਵਿਖੇ ਇਲਾਜ ਚੱਲ ਰਿਹਾ ਹੈ।
ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਜੋ ਪੰਜਾਬ ਸਰਕਾਰ ਵੱਲੋਂ ਉਸ ਦਾ ਇਲਾਜ ਪੰਜਾਬ ਵਿਚ ਮੁਫ਼ਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜੇਕਰ ਪੰਜਾਬ ਦਾ ਕੋਈ ਹੋਰ ਅੰਦੋਲਨਕਾਰੀ ਕਿਸਾਨ ਹਰਿਆਣਾ ਵਿਚ ਇਲਾਜ ਅਧੀਨ ਹੈ ਤਾਂ ਉਸ ਨੂੰ ਵੀ ਸਾਡੇ ਹਵਾਲੇ ਕੀਤਾ ਜਾਵੇ। ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਜ਼ਖ਼ਮੀ ਹੋਏ ਪ੍ਰਿਤਪਾਲ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਪੁੱਤਰ ਇੱਕ ਕੋਚਿੰਗ ਅਕੈਡਮੀ ਵਿਚ ਅਧਿਆਪਕ ਵਜੋਂ ਕੰਮ ਕਰਦਾ ਹੈ, ਜੋ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬੁੱਧਵਾਰ ਨੂੰ ਪ੍ਰਿਤਪਾਲ ਆਪਣੇ ਸਾਲੇ (ਜੋ ਕਿ ਸਰਕਾਰੀ ਡਾਕਟਰ ਹੈ ਅਤੇ ਐਂਬੂਲੈਂਸ 'ਤੇ ਡਿਊਟੀ ਕਰਦਾ ਹੈ) ਨੂੰ ਕੱਪੜੇ ਦੇਣ ਲਈ ਖਨੌਰੀ ਸਰਹੱਦ 'ਤੇ ਗਿਆ ਸੀ।
ਇਸ ਦੌਰਾਨ ਉਸ ਦੇ ਨੇੜੇ ਅੱਥਰੂ ਗੈਸ ਦਾ ਇੱਕ ਗੋਲਾ ਡਿੱਗਿਆ। ਜਿਸ ਕਾਰਨ ਉਸਨੂੰ ਦੇਖਣ ਵਿਚ ਵੀ ਦਿੱਕਤ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਪ੍ਰਿਤਪਾਲ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪੁਲਿਸ ਵਾਲੇ ਉਸ ਨੂੰ ਵੀ ਘੜੀਸ ਕੇ ਲੈ ਗਏ। ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਪ੍ਰਿਤਪਾਲ ਨੂੰ ਇਲਾਜ ਲਈ ਜੀਂਦ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੋਹਤਕ ਪੀਜੀਆਈ ਰੈਫ਼ਰ ਕਰ ਦਿੱਤਾ। ਉਸ ਦੇ ਸਿਰ, ਲੱਤਾਂ ਅਤੇ ਬੁੱਲ੍ਹਾਂ 'ਤੇ ਵੀ ਸੱਟਾਂ ਲੱਗੀਆਂ ਹਨ।
ਦੱਸ ਦਈਏ ਕਿ ਖਨੌਰੀ ਬਾਰਡਰ 'ਤੇ ਹਰਿਆਣਾ ਪੁਲਿਸ ਵੱਲੋਂ ਪ੍ਰਿਤਪਾਲ ਨੂੰ ਅਗਵਾ ਕਰਨ ਦਾ ਮਾਮਲਾ ਉਠਿਆ ਸੀ। ਜਿਸ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿਚ ਲਿਖਿਆ ਹੈ ਕਿ ਹਰਿਆਣਾ ਪੁਲਿਸ ਨੇ ਖਨੌਰੀ ਸਰਹੱਦ 'ਤੇ ਪ੍ਰਿਤਪਾਲ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਜ਼ਿਲ੍ਹਾ ਸੰਗਰੂਰ ਨੂੰ ਅਗਵਾ ਕਰਨ ਦੀ ਝੂਠੀ ਖ਼ਬਰ ਦਾ ਖੰਡਨ ਕੀਤਾ ਹੈ। ਹਰਿਆਣਾ ਪੁਲਿਸ ਵੱਲੋਂ ਉਸ ਨੂੰ ਇਲਾਜ ਲਈ ਪੀਜੀਆਈ ਰੋਹਤਕ ਵਿਖੇ ਦਾਖਲ ਕਰਵਾਇਆ ਗਿਆ ਹੈ। ਉਹ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਹੈ।
(For more Punjabi news apart from punjab News, stay tuned to Rozana Spokesman)