ਔਰਤ ਲਈ 71 ਸਾਲਾਂ ਬਾਅਦ ਮੁਲਕ ਆਜ਼ਾਦ ਨਹੀਂ ਹੋਇਆ ਤੇਜ਼ਾਬ ਪੀੜਤ ਅਮਨਪ੍ਰੀਤ ਕੌਰ7 ਸਾਲਾਂ ਤੋਂ ਘਰ 'ਚ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਪਾਸੇ ਜਿਥੇ ਅੱਜ ਪੂਰਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ, ਉਥੇ ਅਮਨਪ੍ਰੀਤ ਕੌਰ ਲਈ ਇਹ ਆਜ਼ਾਦੀ ਕੋਈ ਮਾਇਨੇ ਨਹੀਂ ਰਖਦੀ।

Amanpreet Kaur

 

ਬਠਿੰਡਾ, 14 ਅਗੱਸਤ (ਸੁਖਜਿੰਦਰ ਮਾਨ) : ਇਕ ਪਾਸੇ ਜਿਥੇ ਅੱਜ ਪੂਰਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ, ਉਥੇ ਅਮਨਪ੍ਰੀਤ ਕੌਰ ਲਈ ਇਹ ਆਜ਼ਾਦੀ ਕੋਈ ਮਾਇਨੇ ਨਹੀਂ ਰਖਦੀ।
ਮਾਂ-ਬਾਪ ਦੀ ਲਾਡਾਂ ਨਾਲ ਪਾਲੀ ਸੋਹਣੀ ਸਨੁੱਖੀ 29 ਸਾਲਾਂ ਦੀ ਇਹ ਮੁਟਿਆਰ ਅੱਜ ਅਪਣੇ ਘਰ 'ਚ ਹੀ ਕੈਦ ਹੋ ਕੇ ਰਹਿਣ ਲਈ ਮਜਬੂਰ ਹੈ। ਉਸ ਦੇ ਭਾਣੇ ਉਸ ਨੂੰ ਹਾਲੇ ਤਕ ਆਜ਼ਾਦੀ  ਨਹੀਂ ਮਿਲੀ। ਅਪਣਿਆਂ ਹੱਥੋਂ ਜੁਲਮ ਸਹਿਣ ਵਾਲੀ ਇਹ ਲੜਕੀ ਪਿਛਲੇ 7 ਸਾਲਾਂ ਤੋਂ ਹਰ ਕਿਸੇ ਤੋਂ ਔਰਤ ਦੀ ਆਜ਼ਾਦੀ ਬਾਰੇ ਸਵਾਲ ਪੁੱਛ ਰਹੀ ਹੈ। ਉਸ ਨੂੰ ਲਗਦਾ ਹੈ ਕਿ ਹਾਲੇ ਵੀ ਔਰਤ ਗੁਲਾਮ ਹੈ। ਇਸ ਆਜ਼ਾਦੀ ਨੇ ਮਨੁੱਖਾਂ ਨੂੰ ਹੀ ਔਰਤਾਂ 'ਤੇ ਜੁਲਮ ਕਰਨ ਦੀ ਖੁੱਲ ਦਿਤੀ ਹੈ, ਪਰ ਔਰਤ ਅੱਜ 21ਵੀਂ ਸਦੀ ਵਿਚ ਵੀ ਅਪਣੀ  (ਬਾਕੀ ਸਫ਼ਾ 13 'ਤੇ)
ਆਜ਼ਾਦ ਹਸਤੀ ਨਹੀਂ ਰੱਖ ਸਕਦੀ।
31 ਜਨਵਰੀ 2011 ਦੀ ਕੁਲਿਹਣੀ ਸ਼ਾਮ ਨੂੰ ਯਾਦ ਕਰ ਕੇ ਅਮਨਪ੍ਰੀਤ ਕੌਰ ਦੀ ਅੱਜ ਵੀ ਰੂਹ ਕੰਬ ਜਾਂਦੀ ਹੈ। ਜਦ ਉਹ ਅਪਣੀ ਮਾਂ ਨਾਲ ਅਪਣੇ ਬਿਊਟੀ ਪਾਰਲਰ ਤੋਂ ਵਾਪਸ ਰਿਕਸ਼ੇ 'ਤੇ ਘਰ ਆ ਰਹੀ ਸੀ ਕਿ ਰਸਤੇ ਵਿਚ ਉਸ ਦੇ ਅਪਣੇ ਹੀ ਇਕ ਰਿਸ਼ਤੇਦਾਰ ਨੇ ਅਪਣੀ ਹਵਸ ਦਾ ਸਿਕਾਰ ਨਾ ਬਣਨ 'ਤੇ ਉਸ ਉਪਰ ਤੇਜ਼ਾਬ ਦੀ ਉਬਲਦੀ ਬੋਤਲ ਸੁੱਟ ਦਿਤੀ ਸੀ। ਇਸ ਇਕ ਬੋਤਲ ਨੇ ਉਸਦੇ ਸੁੰਦਰ ਚਿਹਰੇ ਦੇ ਨਾਲ-ਨਾਲ ਉਸ ਵਲੋਂ ਜ਼ਿੰਦਗੀ ਲਈ ਸੰਜੋਏ ਸੁਪਨਿਆਂ ਨੂੰ ਸਾੜ ਦਿਤਾ। ਇਹ ਘਿਨੌਣੀ ਕਰਤੂਤ ਕਰਨ ਦੇ ਦੋਸ਼ਾਂ ਹੇਠ ਉਸ ਦੇ ਅਪਣੇ ਹੀ ਜੀਜਾ ਵਿਰੁਧ ਕੇਸ ਦਰਜ ਹੋਇਆ।
ਪਰਵਾਰ ਨੂੰ ਬੇਟੀ ਦੇ ਇਲਾਜ ਲਈ ਅਪਣਾ ਘਰ-ਬਾਰ ਵੇਚਣਾ ਪਿਆ। ਅਪਣੀ ਮਿਹਨਤ ਕਰ ਕੇ ਮਾਣਮੱਤੀ ਜ਼ਿੰਦਗੀ ਜਿਊਣ ਵਾਲਿਆਂ ਨੂੰ ਦੂਜਿਆਂ ਅੱਗੇ ਹੱਥ ਅੱਡਣੇ ਪਏ। ਸਿਸਟਮ ਤੋਂ ਬੁਰੀ ਤਰ੍ਹਾਂ ਅੱਕ ਤੇ ਥੱਕ ਚੁਕੀ ਅਮਨਪ੍ਰੀਤ ਕੌਰ ਦੇ ਹੁਣ ਤਕ 28 ਅਪਰੇਸ਼ਨ ਹੋ ਚੁੱਕੇ ਹਨ ਤੇ 7 ਹਾਲੇ ਬਾਕੀ ਹਨ। ਇਨ੍ਹਾਂ ਸੱਤਾਂ ਉਪਰ ਵੀ ਲੱਖਾਂ ਖ਼ਰਚ ਹੋਣੇ ਹਨ। ਅਮਨਪ੍ਰੀਤ ਕੌਰ ਨੇ 'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸਰਕਾਰਾਂ 'ਤੇ ਵੀ ਗਿਲਾ ਕਰਦਿਆਂ ਕਿਹਾ ਕਿ ਔਰਤ ਦੀ ਆਜ਼ਾਦੀ ਦੇ ਹੱਕ ਵਿਚ ਵੱਡੇ-ਵੱਡੇ ਨਾਹਰੇ ਮਾਰਨ ਵਾਲਿਆਂ ਨੇ ਉਸ ਦੀ ਰੱਖਿਆ ਕਿਉਂ ਨਹੀਂ ਕੀਤੀ। ਸਰਕਾਰ ਤੇ ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਅਮਨਪ੍ਰੀਤ ਨੇ ਹਾਲਾਂਕਿ ਕੈਪਟਨ ਸਰਕਾਰ ਵਲੋਂ ਤੇਜ਼ਾਬ ਪੀੜਤ ਔਰਤਾਂ ਲਈ 8000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਪਰ ਨਾਲ ਹੀ ਉਨ੍ਹਾਂ ਹੇਠਲੇ ਪੱਧਰ 'ਤੇ ਸਿਸਟਮ ਵਿਚ ਵੀ ਸੁਧਾਰ ਲਿਆਉਣ ਲਈ ਕਿਹਾ, ਜਿਹੜੇ ਉਸ ਵਰਗੀਆਂ ਦੁਖਿਆਰੀਆਂ ਦੇ ਕੋਲੋਂ ਸਰਟੀਫ਼ਿਕੇਟ ਬਣਾਉਣ ਲੱਗਿਆ ਰਿਸ਼ਵਤ ਦੀ ਝਾਕ ਰੱਖਦੇ ਹਨ।