ਫ਼ਿਰੋਜ਼ਪੁਰ ਦੇ ਇਤਿਹਾਸਕ ਸਥਾਨਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਵੇਗਾ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਤੰਤਰਤਾ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪਧਰੀ ਸਮਾਗਮ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਕੀਤਾ ਗਿਆ ਜਿਸ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ..

Navjot Sidhu

 

ਫ਼ਿਰੋਜ਼ਪੁਰ, 16 ਅਗੱਸਤ (ਬਲਬੀਰ ਸਿੰਘ ਜੋਸਨ) : ਸੁਤੰਤਰਤਾ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪਧਰੀ ਸਮਾਗਮ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਕੀਤਾ ਗਿਆ ਜਿਸ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਪੰਜਾਬ ਪੁਲਿਸ, ਬੀ.ਐਸ.ਐਫ. ਭਾਰਤੀ ਫ਼ੌਜ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮ ਗਾਰਡ, ਐਨ.ਸੀ.ਸੀ. ਸਕਾਊਟ ਤੇ ਗਾਈਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਨੇਕਾਂ ਸ਼ਹੀਦਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਅਦੁੱਤੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਹੈ। ਪੰਜਾਬ ਦੀ ਧਰਤੀ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦਾ ਕੌਮੀ ਸਰਹੱਦੀ ਸਮਾਰਕ ਹੁਸੈਨੀਵਾਲਾ, ਇਤਿਹਾਸਕ ਗੁਰਦਵਾਰਾ ਸਾਰਾਗੜ੍ਹੀ, ਸਿੱਖ ਫ਼ੌਜਾਂ ਵਲੋਂ ਅੰਗਰੇਜ਼ਾਂ ਨਾਲ ਲੜੇ ਆਜ਼ਾਦੀ ਸੰਗਰਾਮ ਦੀਆਂ ਲੜਾਈਆਂ ਫ਼ਿਰੋਜ਼ਸ਼ਾਹ, ਮੁੱਦਕੀ ਅਤੇ ਸਭਰਾਵਾਂ ਆਦਿ ਨੂੰ ਇਤਿਹਾਸਕ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ 12 ਸਤੰਬਰ ਸਾਰਾਗੜ੍ਹੀ ਦਿਵਸ ਸਮੇਂ ਰਾਜ ਪਧਰੀ ਸਮਾਗਮ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਦਿਨ ਪੂਰੇ ਪੰਜਾਬ 'ਚ ਛੁੱਟੀ ਹੋਵੇਗੀ। ਇਤਿਹਾਸਕ ਗੁਰਦਵਾਰਾ ਸਾਰਾਗੜ੍ਹੀ ਵਿਖੇ ਵੱਡਾ ਸਮਾਗਮ ਵੀ ਕੀਤਾ ਜਾਵੇਗਾ।