ਮਨਪ੍ਰੀਤ ਬਾਦਲ ਨੇ ਪ੍ਰੋਫ਼ੈਸ਼ਨਲ ਟੈਕਸ ਨੂੰ ਦਸਿਆ ਸਰਕਾਰ ਦੀ ਮਜਬੂਰੀ
ਪੰਜਾਬ ਵਿਧਾਨ ਸਭਾ 'ਚ ਕੈਪਟਨ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨ ਤੋਂ ਬਾਅਦ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਨੂੰ ਸਹੀ ਠਹਿਰਾਇਆ। ਮਨਪ੍ਰੀਤ ਬਾਦਲ...
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਕੈਪਟਨ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨ ਤੋਂ ਬਾਅਦ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਨੂੰ ਸਹੀ ਠਹਿਰਾਇਆ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਬਜਟ 'ਚ ਹਰ ਵਰਗ ਦਾ ਖਾਸ ਖਿਆਲ ਰਖਿਆ ਗਿਆ ਹੈ। ਪ੍ਰੋਫੈਸ਼ਨਲ ਟੈਕਸ ਬਾਰੇ ਬੋਲਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਟੈਕਸ ਲਾਉਣਾ ਸਰਕਾਰ ਦੀ ਮਜ਼ਬੂਰੀ ਸੀ ਅਤੇ ਇਹ ਟੈਕਸ ਮਾਮੂਲੀ ਦਰ 'ਤੇ ਲਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਤੋਂ ਲੋਨ ਲੈਣ ਲਈ ਇਹ ਟੈਕਸ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਡੀ.ਏ.ਦੇਣ ਲਈ ਅਜਿਹੇ ਪੰਜਾਬ ਦੇ ਆਰਥਿਕ ਹਾਲਾਤ ਇਜਾਜ਼ਤ ਨਹੀਂ ਦਿੰਦੇ ਅਤੇ ਜਦੋਂ ਸਹੀ ਮੌਕਾ ਆਵੇਗਾ, ਉਸ ਸਮੇਂ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰ ਦਿਤੀਆਂ ਜਾਣਗੀਆਂ। ਇਸ ਤੋਂ ਇਲਾਵਾਂ ਪੰਜਾਬ ਦਾ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੁੜੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਐਲਾਨ ਕੀਤਾ ਹੈ ਕਿ 6ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਸਰਕਾਰ ਵਲੋਂ ਮੁਫ਼ਤ ਸੈਨਟਰੀ ਪੈਡ ਦਿਤੇ ਜਾਣਗੇ।
ਇਸ ਦਾ ਮਕਸਦ ਕੁੜੀਆਂ ਦੀ ਮਹਾਂਵਾਰੀ ਦੀ ਸਵੱਛਤਾ 'ਚ ਸੁਧਾਰ ਅਤੇ ਸਕੂਲ ਛੱਡਣ ਦੀ ਦਰ 'ਚ ਕਮੀ ਲਿਆਉਣਾ ਹੈ। ਜ਼ਿਕਰਯੋਗ ਹੈ ਕਿ ਮਹਾਂਵਾਰੀ ਕਾਰਨ ਕੁੜੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਧਿਆਨ 'ਚ ਰਖਦਿਆਂ ਮਨਪ੍ਰੀਤ ਬਾਦਲ ਨੇ ਇਹ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਸੀਨੀਅਰ ਸੈਕੰਡਰੀ ਸਕੂਲ, ਮੰਡੀ ਅਹਿਮਦਗੜ੍ਹ ਵਿਖੇ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਲਈ 2 ਕਰੋੜ ਰੁਪਏ ਖਰਚਿਆ ਜਾਵੇਗਾ।