ਨੇਹਾ ਹਤਿਆ ਕਾਂਡ : ਸੱਤ ਸਾਲ ਬਾਅਦ ਵੀ ਚੰਡੀਗੜ੍ਹ ਪੁਲਿਸ ਦੇ ਹੱਥ ਖ਼ਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਵਿਚ ਅਜਿਹੇ ਕਈ ਕੇਸ ਹਨ ਜੋ ਹਾਲੇ ਤਕ ਅਣਸੁਲਝੇ ਹਨ। ਅਜਿਹਾ ਹੀ ਇਕ ਕਤਲ ਕੇਸ ਹੈ ਨੇਹਾ ਐਹਲਾਵਤ ਹਤਿਆ ਦਾ ਜਿਸ ਨੂੰ ਚੰਡੀਗੜ੍ਹ ਪੁਲਿਸ ਸੁਲਝਾਉਣ ਵਿਚ ਅਸਮਰਥ ਰਹੀ

Neha murder case

 


ਚੰਡੀਗੜ੍ਹ 13 ਅਗੱਸਤ (ਅੰਕੁਰ): ਚੰਡੀਗੜ੍ਹ ਵਿਚ ਅਜਿਹੇ ਕਈ ਕੇਸ ਹਨ ਜੋ ਹਾਲੇ ਤਕ ਅਣਸੁਲਝੇ ਹਨ। ਅਜਿਹਾ ਹੀ ਇਕ ਕਤਲ ਕੇਸ ਹੈ ਨੇਹਾ ਐਹਲਾਵਤ ਹਤਿਆ ਦਾ ਜਿਸ ਨੂੰ ਚੰਡੀਗੜ੍ਹ ਪੁਲਿਸ ਸੁਲਝਾਉਣ ਵਿਚ ਅਸਮਰਥ ਰਹੀ ਹੈ। ਨੇਹਾ ਆਈ.ਏ.ਐਸ. ਬਨਣਾ ਚਾਹੁੰਦੀ ਸੀ ਅਤੇ ਅਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਸੀ ਪਰ ਹੋਣੀ ਨੂੰ ਤਾਂ ਕੁੱਝ ਹੋਰ ਹੀ ਮਨਜ਼ੂਰ ਸੀ। 30 ਜੁਲਾਈ 2010 ਨੂੰ ਨੇਹਾ ਦੀ ਬੇਰਹਿਮੀ ਨਾਲ ਹਤਿਆ ਕਰ ਦਿਤੀ ਸੀ। ਇਸ ਘਟਨਾ ਨੂੰ ਲਗਭਗ 7 ਸਾਲ ਤੋਂ ਵੱਧ ਸਮਾਂ ਬੀਤ ਗਿਆ ਪਰ ਚੰਡੀਗੜ੍ਹ ਦੀ ਹਾਈਟੈਕ ਪੁਲਿਸ ਅਤੇ ਅਪਰਾਧ ਸ਼ਾਖ਼ਾ ਪੁਲਿਸ ਹਾਲੇ ਤਕ ਇਸ ਮਾਮਲੇ ਨੂੰ ਸੁਲਝਾਉਣ ਵਿਚ ਅਸਮਰਥ ਰਹੀ ਹੈ। ਪੁਲਿਸ ਦੀ ਕਾਰਵਾਈ ਨੂੰ ਵੇਖਦੇ ਹੋਏ ਨੇਹਾ ਦੇ ਪਰਵਾਰ ਨੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਜਾਵੇ।
ਕੀ ਕਹਿਣਾ ਹੈ ਨੇਹਾ ਦੇ ਪਿਤਾ ਰਾਜਵੀਰ ਸਿੰਘ ਦਾ?
ਸੈਕਟਰ-38 ਵਾਸੀ ਰਾਜਬੀਰ ਸਿੰਘ ਦਾ ਕਹਿਣਾ ਹੈ ਕਿ 24 ਸਾਲ ਦੀ ਨੇਹਾ ਐਮ.ਬੀ.ਈ. ਦੀ ਵਿਦਿਆਰਥਣ ਸੀ। ਉਹ 30 ਜੁਲਾਈ 2010 ਦੇ ਦਿਨ ਨੂੰ ਮਨਹੂਸ ਮੰਨਦੇ ਹਨ, ਜਿਸ ਦਿਨ ਰਾਤ ਕਰੀਬ 8.30 ਵਜੇ ਉਹ ਘਰ ਪਹੁੰਚੇ  ਸਨ। ਉਨ੍ਹਾਂ ਦੀ ਪਤਨੀ ਕਮਲੇਸ਼ ਘਰ ਦੇ ਬਾਹਰ ਸਹਿਮੀ ਅਤੇ ਘਬਰਾਈ ਹੋਈ ਖੜੀ ਸੀ। ਪੁੱਛਣ 'ਤੇ ਦਸਿਆ ਕਿ ਨੇਹਾ ਹਾਲੇ ਤਕ ਘਰ ਨਹੀਂ ਆਈ ਜਦਕਿ ਨੇਹਾ ਅਪਣੇ ਐਕਟੀਵਾ 'ਤੇ ਗਈ ਸੀ। ਉਨ੍ਹਾਂ ਨੇਹਾ ਦੀਆਂ ਸਹੇਲੀਆਂ ਤੋਂ ਪੁਛਗਿਛ ਕੀਤੀ ਤਾਂ ਪਤਾ ਲੱਗਾ ਕਿ ਉਹ ਸ਼ਾਮ ਨੂੰ 7 ਵਜੇ ਉਨ੍ਹਾਂ ਕੋਲੋਂ ਕਿਤੇ ਗਈ ਹੈ ਪਰ ਦੇਰ ਰਾਤ ਤਕ ਉਸ ਦਾ ਕੁੱਝ ਪਤਾ ਨਹੀਂ ਚਲਿਆ। ਉਸ ਤੋਂ ਬਾਅਦ ਉਸ ਦੀ ਗੁਮਸ਼ੁਦਗੀ ਦੀ ਰੀਪੋਰਟ ਲਿਖਵਾਉਣ ਲਈ ਸੈਕਟਰ-39 ਥਾਣੇ ਗਏ ਅਤੇ ਸ਼ਿਕਾਇਤ ਦਿਤੀ। 
ਪੁਲਿਸ ਸਖ਼ਤੀ ਨਾਲ ਪੁਛਗਿਛ ਕਰਦੀ
ਮ੍ਰਿਤਕ ਨੇਹਾ ਦੇ ਪਿਤਾ ਰਾਜਬੀਰ ਸਿੰਘ ਦਾ ਕਹਿਣਾ ਕਿ ਚੰਡੀਗੜ੍ਹ ਪੁਲਿਸ ਨੇ ਪਹਿਲੇ ਦਿਨ ਤੋਂ ਹੀ ਅਪਣੀ ਕਾਰਵਾਈ ਠੀਕ ਤਰੀਕੇ ਨਾਲ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਜੇ ਪੁਲਿਸ ਥੋੜ੍ਹਾ ਸਖ਼ਤੀ ਨਾਲ ਪੁਛਗਿਛ ਕਰਦੀ ਤਾਂ ਨੇਹਾ ਦੇ ਹਤਿਆਰੇ ਅੱਜ ਜੇਲ 'ਚ ਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਨੇਹਾ ਦੇ ਹਤਿਆਰਿਆਂ ਦੇ ਬਾਰੇ ਉਸ ਦੀਆਂ ਸਹੇਲੀਆਂ ਜਾਣਦੀਆਂ ਸਨ ਕਿਉਂਕਿ ਦੇਰ ਸ਼ਾਮ ਤੋਂ ਕਰੀਬ 7 ਵਜੇ ਤਕ ਨੇਹਾ ਅਪਣੀ ਸਹੇਲੀ ਦੇ ਨਾਲ ਸੀ ਜਦਕਿ ਉਸ ਦੀ ਦੂਜੀ ਸਹੇਲੀ ਨੂੰ ਹੀ ਉਸ ਨੌਜਵਾਨ ਦਾ ਫ਼ੋਨ ਆਇਆ ਕਿ ਨੇਹਾ ਦਾ ਸਕੂਟਰ ਘਰ ਤੋਂ ਕੁੱਝ ਦੂਰੀ 'ਤੇ ਖੜਾ ਹੈ। ਕਾਲ ਡਿਟੇਲ ਵਿਚ ਦੋਨਾਂ ਕੁੜੀਆਂ ਦੇ ਨਾਲ-ਨਾਲ ਦੋ ਮੁੰਡਿਆਂ ਦੇ ਨਾਂ ਵੀ ਸਾਹਮਣੇ ਆਇਆ ਸੀ। ਪੁਲਿਸ ਨੇ ਅੱਠ ਮਹੀਨੇ ਬਾਅਦ ਚਾਰਾਂ ਦਾ ਬਰੇਨ ਮੈਪਿੰਗ ਟੈਸਟ ਕਰਵਾਇਆ ਸੀ। ਥਾਣਾ ਪੁਲਿਸ ਨੇ ਜਦ ਅਪਣੇ ਹੱਥ ਖੜੇ ਕਰ ਦਿਤੇ ਤਾਂ ਮਾਮਲੇ ਦੀ ਜਾਂਚ ਅਪਰਾਧ ਸ਼ਾਖ਼ਾ ਨੂੰ ਸੌਂਪ ਦਿਤੀ ਪਰ ਅਪਰਾਧ ਸ਼ਾਖ਼ਾ ਪੁਲਿਸ ਵੀ ਕੁੱਝ ਖ਼ਾਸ ਨਹੀਂ ਕਰ ਪਾਈ। ਪੁਲਿਸ ਹਾਲੇ ਤਕ ਨੇਹਾ ਦੇ ਮੋਬਾਈਲ ਫ਼ੋਨ ਦਾ ਵੀ ਪਤਾ ਨਹੀਂ ਲਗਾ ਸਕੀ ਕਿ  ਮੋਬਾਈਲ ਕਿਥੋਂ ਦੁਕਾਨਦਾਰ ਕੋਲ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ 'ਤੇ ਨੇਹਾ ਦੀ ਲਾਸ਼ ਮਿਲੀ ਸੀ, ਉਸ ਦੇ ਸਾਹਮਣੇ ਟੈਕਸੀ ਸਟੈਂਡ ਹੈ। ਇਸ ਸਬੰਧੀ ਕਈ ਵਾਰ ਚੰਡੀਗੜ੍ਹ ਆਈਜੀ, ਐਸਐਸਪੀ, ਗਰਵਨਰ ਤੋਂ ਗੁਹਾਰ ਲਗਾਈ ਹੈ ਪਰ ਕੋਈ ਵੀ ਉਨ੍ਹਾਂ ਦੀ ਧੀ  ਦੇ ਹਤਿਆਰਿਆਂ ਦਾ ਕੋਈ ਸੁਰਾਗ਼ ਨਹੀਂ ਲਗਾ ਸਕਿਆ ਜਦਕਿ ਨੇਹਾ ਦੀ ਹਤਿਆ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪਹਿਲਾਂ ਇਕ ਲੱਖ ਰੁਪਏ ਇਨਾਮ ਰਖਿਆ ਸੀ ਜਿਸ ਵਿਚ ਵਾਧਾ ਕਰਦੇ ਹੋਏ ਚੰਡੀਗੜ੍ਹ ਆਈਜੀ ਨੇ 5 ਲੱਖ ਰੁਪਏ ਕਰ ਦਿਤੀ। 
ਉਨ੍ਹਾਂ ਦਾ ਮਕਸਦ ਅਪਣੀ ਧੀ ਦੇ ਹਤਿਆਰੀਆਂ ਨੂੰ ਸਜ਼ਾ ਦੁਆਉਣਾ
ਨੇਹਾ ਦੀ ਮਾਂ ਕਮਲੇਸ਼ ਅਪਣੀ ਜਵਾਨ ਧੀ ਦੀ ਮੌਤ ਤੋਂ ਬਾਅਦ ਮੰਨੋ ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਹੀ ਨਾ ਹੋਵੇ। ਹੁਣ ਤਾਂ ਸਿਰਫ਼ ਅਪਣੀ ਧੀ  ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜੀ ਰਹੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੇਹਾ ਦੀਆਂ ਤਸਵੀਰਾਂ ਅਤੇ ਉਸ ਦਾ ਨਾਂ ਆਉਂਦੇ ਹੀ ਉਸ ਦੀ ਅੱਖਾਂ ਨਮ ਹੋ ਜਾਂਦੀਆਂ ਹਨ। 
ਨੇਹਾ ਹਤਿਆ 'ਚ ਕੁੱਝ ਅਣਸੁਲਝੇ ਸਵਾਲ ਹਨ: ਪਰਵਾਰਕ ਜੀਅ
ਨੇਹਾ ਨੂੰ ਫ਼ੋਨ 'ਤੇ ਗੱਲ ਕਰਦੇ ਇਕ ਨੌਜਵਾਨ ਨੇ ਵੇਖਿਆ ਸੀ। ਆਖ਼ਰ ਕਿਉਂ ਉਸ ਤੋਂ ਪੁਛਗਿਛ ਨਹੀਂ ਕੀਤੀ ਜਾ ਰਹੀ। ਨੇਹਾ ਦੁਪਹਿਰ ਤੋਂ ਦੇਰ ਸ਼ਾਮ 7 ਤਕ ਇਕ ਸਹੇਲੀ ਨਾਲ ਸੀ। ਉਸ ਦਾ ਕਿਉਂ ਬਰੇਨ ਮੈਪਿੰਗ ਟੈਸਟ ਨਹੀਂ ਕਰਵਾਇਆ ਗਿਆ। ਨੇਹਾ ਦੀ ਇਕ ਸਹੇਲੀ ਨੇ ਕਿਉਂ ਉਸ ਨੂੰ ਫ਼ੋਨ ਕਰ ਕੇ ਦਸਿਆ ਕਿ ਨੇਹਾ ਦਾ ਸਕੂਟਰ ਘਰ ਤੋਂ ਕੁੱਝ ਦੂਰੀ 'ਤੇ ਖੜਾ ਹੈ ਜਦਕਿ ਨੇਹਾ ਉਥੇ ਹੀ ਲਹੂ ਲੁਹਾਨ ਹਾਲਤ ਵਿਚ ਸੀ। ਲੜਕੇ ਦੋਸਤ ਨੂੰ ਕਿਉਂ ਨੇਹਾ ਲਹੂ-ਲੁਹਾਨ ਦੀ ਹਾਲਤ ਵਿਚ ਡਿੱਗੀ ਹੋਈ ਨਹੀਂ ਮਿਲੀ। 
ਟੈਕਸੀ ਸਟੈਂਡ 'ਤੇ ਤਾਇਨਾਤ ਚੌਕੀਦਾਰ ਨੇ ਦਸਿਆ ਕਿ ਲੜਕਾ ਦੋਸਤ ਅਪਣੇ ਸਾਥੀਆਂ ਨਾਲ ਇਸ ਸੜਕ 'ਤੇ ਚੱਕਰ ਲਗਾਉਂਦੇ ਹੋਏ ਕਈ ਵਾਰ ਵੇਖਿਆ ਸੀ। ਪੁਲਿਸ ਨੇ ਕਿਉਂ ਉਸ ਤੋਂ ਸਖ਼ਤੀ ਨਾਲ ਪੁਛਗਿਛ ਨਹੀਂ ਕਰ ਰਹੀ। 
ਪੁਲਿਸ ਨੇ ਅੱਠ ਮਹਿਨੇ ਬਾਅਦ ਬਾਕੀ ਸਾਥੀਆਂ ਦਾ ਕਿਉਂ ਕਰਵਾਇਆ ਬਰੇਨ ਮੈਂਪਿੰਗ ਟੈਸਟ।
ਨੇਹਾ ਦਾ ਮੋਬਾਈਲ ਫ਼ੋਨ ਦਾ ਕੋਈ ਸੁਰਾਗ਼ ਨਹੀਂ ਜਦਕਿ ਉਸ ਦਾ ਇਕ ਫ਼ੋਨ ਕਿਸੇ ਦੁਕਾਨਦਾਰ ਨੂੰ ਕਿਸੇ ਨੌਜਵਾਨ ਨੇ ਵੇਚਿਆ ਸੀ, ਉਸ ਦਾ ਵੀ ਕੋਈ ਸੁਰਾਗ਼ ਨਹੀਂ। 


ਮ੍ਰਿਤਕ ਨੇਹਾ ਦੇ ਫੋਨ ਤੋਂ ਆਖਰੀ ਵਾਰ ਫੋਨ ਉਸਦੇ ਫੋਨ ਨਾਲ ਹੋਇਆ ਉਸਦੀ ਟਾਵਰ ਲੋਕੇਸ਼ਨ ਉਸਦੇ ਘਰ ਦੇ ਕੁੱਝ ਦੂਰੀ ਦੀ ਨਿਕਲੀ ਸੀ । ਉਸਦਾ ਕੋਈ ਸੁਰਾਗ ਨਹੀਂ।