ਅੰਮ੍ਰਿਤਸਰ ਤੋਂ ਹੁਣ ਹੋਵੇਗੀ ਵਿਦੇਸ਼ਾਂ ਲਈ ਸਿੱਧੀ ਉਡਾਣ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜ ਵੱਡੀਆਂ ਹਵਾਈ ਕੰਪਨੀਆਂ ਆਪਣੀਆਂ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ।

Flight

ਚੰਡੀਗੜ੍ਹ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜ ਵੱਡੀਆਂ ਹਵਾਈ ਕੰਪਨੀਆਂ ਆਪਣੀਆਂ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਤਿਹਾਦ, ਬ੍ਰਿਟਿਸ਼, ਅਮੀਰਾਤ, ਫਲਾਈ ਦੁਬਈ, ਸ੍ਰੀਲੰਕਾ ਏਅਰਵੇਜ਼ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹਨ।

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਸਾਲ ਦੇ ਅੰਤ ਤੱਕ ਪੰਜ ਵੱਡੀਆਂ ਹਵਾਈ ਕੰਪਨੀਆਂ ਆਪਣੀਆਂ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ। ਇਸ ਬਾਰੇ ਥਾਈ ਏਅਰਵੇਜ਼ ਤੇ ਜੈੱਟ ਏਅਰਵੇਜ਼ ਨੇ ਆਪਣੇ ਸਰਵੇ ਵੀ ਮੁਕੰਮਲ ਕਰ ਲਏ ਹਨ।

ਔਜਲਾ ਨੇ ਇਸ ਸਬੰਧੀ ਥਾਈ ਏਅਰਵੇਜ਼ ਦੇ ਉੱਤਰੀ ਭਾਰਤ ਦੇ ਸੇਲਜ਼ ਮੈਨੇਜਰ ਸੁਨੀਲ ਕੁਮਾਰ ਤੇ ਜੈੱਟ ਏਅਰਵੇਜ਼ ਉੱਤਰੀ ਭਾਰਤ ਦੇ ਮੁਖੀ ਕਵਿਤਾ ਜੋਸ਼ੀ ਨਾਲ ਮੀਟਿੰਗ ਕੀਤੀ। ਮੀਟਿੰਗ ਮਗਰੋਂ ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ’ਤੇ ਜੋ ਵੀ ਖਾਮੀਆਂ ਹਵਾਈ ਕੰਪਨੀਆਂ ਵੱਲੋਂ ਦੱਸੀਆਂ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਵਾ ਕੇ ਇਸ ਅੱਡੇ ਨੂੰ ਕੌਮਾਂਤਰੀ ਪੱਧਰ ਦੀਆਂ ਉਡਾਣਾਂ ਲਈ ਸਮਰੱਥ ਬਣਾਇਆ ਜਾਵੇਗਾ।

ਉਨ੍ਹਾਂ ਦੋਸ਼ ਲਾਇਆ ਕਿ ਇੱਕ ਧਿਰ ਜਾਣਬੁੱਝ ਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪ੍ਰਫੁੱਲਿਤ ਹੋਣ ਤੋਂ ਰੋਕਣ ਲਈ ਯਤਨ ਕਰ ਰਹੀ ਹੈ, ਜਦੋਂਕਿ ਕੌਮਾਂਤਰੀ ਏਅਰਲਾਈਨਾਂ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਲਈ ਡੂੰਘੀ ਦਿਲਚਸਪੀ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਥਾਈ ਅਤੇ ਜੈੱਟ ਏਅਰਵੇਜ਼ ਨੇ ਭਰੋਸਾ ਦਿੱਤਾ ਹੈ ਕਿ ਉਹ ਅਕਤੂਬਰ-ਨਵੰਬਰ 'ਚ ਵੱਖ-ਵੱਖ ਦੇਸ਼ਾਂ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਯਤਨਸ਼ੀਲ ਹੈ।

ਇਨ੍ਹਾਂ ਦੋਵਾਂ ਹਵਾਈ ਕੰਪਨੀਆਂ ਕੋਲ ਇਸ ਵੇਲੇ ਜਹਾਜ਼ਾਂ ਦੀ ਕਮੀ ਹੈ ਤੇ ਨਵੇਂ ਜਹਾਜ਼ ਮਿਲਦਿਆਂ ਹੀ ਉਹ ਇਹ ਉਡਾਣਾਂ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਅੰਤਰਰਾਸ਼ਟਰੀ ਕੰਪਨੀਆਂ ਨਵੀਆਂ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਪਰ ਦੂਜੇ ਪਾਸੇ ਭਾਰਤ ਸਰਕਾਰ ਦਾ ਰਵੱਈਆ ਨਿਰਾਸ਼ਾ ਭਰਿਆ ਹੈ। ਉਹ ਲੋਕ ਸਭਾ 'ਚ ਹਵਾਈ ਅੱਡੇ ਨੂੰ ਸਾਰੀਆਂ ਸਹੂਲਤਾਂ ਦਿਵਾਉਣ ਲਈ ਆਵਾਜ਼ ਉਠਾ ਰਹੇ ਹਨ।