ਕਈ ਕਤਲਾਂ ਦੇ ਦੋਸ਼ੀ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ 'ਚ ਕਰਵਾਇਆ ਹਾਦਸਾ
ਫਿ਼ਰੋਜ਼ਪੁਰ : ਪੁਲਿਸ ਵਲੋਂ ਮਲੂਕ ਸਿੰਘ ਨਾਂਅ ਦੇ ਇਕ ਮੁਲਜ਼ਮ ਨੂੰ ਇਕ ਪੁਲਿਸ ਜੀਪ ਰਾਹੀਂ ਜ਼ੀਰਾ ਤੋਂ ਫਿਰੋਜ਼ਪੁਰ ਲਿਜਾਇਆ ਜਾ ਰਿਹਾ ਸੀ ਪਰ ਇਸ ਦੌਰਾਨ ਮੁਲਜ਼ਮ ਨੇ
ਫਿ਼ਰੋਜ਼ਪੁਰ : ਪੁਲਿਸ ਵਲੋਂ ਮਲੂਕ ਸਿੰਘ ਨਾਂਅ ਦੇ ਇਕ ਮੁਲਜ਼ਮ ਨੂੰ ਇਕ ਪੁਲਿਸ ਜੀਪ ਰਾਹੀਂ ਜ਼ੀਰਾ ਤੋਂ ਫਿਰੋਜ਼ਪੁਰ ਲਿਜਾਇਆ ਜਾ ਰਿਹਾ ਸੀ ਪਰ ਇਸ ਦੌਰਾਨ ਮੁਲਜ਼ਮ ਨੇ ਜੀਪ 'ਚ ਡਰਾਈਵਰ ਨਾਲ ਹੱਥੋਪਾਈ ਕਰ ਕੇ ਜੀਪ ਦਾ ਸਾਹਮਣੇ ਤੋਂ ਆ ਰਹੀ ਬੱਸ ਨਾਲ ਐਂਕਸੀਡੈਂਟ ਕਰਵਾ ਦਿੱਤਾ, ਜਿਸ ਕਾਰਨ ਸੰਤੁਲਨ ਵਿਗੜਨ ਨਾਲ ਜੀਪ ਅਤੇ ਬੱਸ ਦੋਵੇਂ ਪਲਟ ਗਈਆਂ ਅਤੇ ਇਸ ਹਾਦਸੇ ਦੌਰਾਨ ਕੋਈ ਡੇਢ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਅਨੁਸਾਰ ਮਲੂਕ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਢੋਲੇਵਾਲਾ ਨੂੰ ਜ਼ੀਰਾ ਦੀ ਇਲਾਹਾਬਾਦ ਬੈਂਕ 'ਚ ਸਾਢੇ 12 ਲੱਖ ਦੀ ਡਕੈਤੀ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਸੱਤ ਕਤਲਾਂ ਦੇ ਦੋਸ਼ ਵਿਚ ਵੀ ਸਜ਼ਾ ਕੱਟ ਰਿਹਾ ਸੀ ਅਤੇ 2009 ਵਿਚ ਪੈਰੋਲ 'ਤੇ ਛੁੱਟੀ ਆਉਣ ਤੋਂ ਬਾਅਦ ਭਗੌੜਾ ਸੀ।
ਸਿਟੀ ਪੁਲਿਸ ਨੇ ਉਸ ਨੂੰ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ ਅਤੇ ਪੁੱਛਗਿੱਛ ਲਈ ਪੁਲਿਸ ਜੀਪ 'ਚ ਸੀਆਈਏ ਸਟਾਫ਼ ਫਿ਼ਰੋਜ਼ਪੁਰ ਵਿਖੇ ਲਿਜਾਇਆ ਜਾ ਰਿਹਾ ਸੀ ਕਿ ਪਿੰਡ ਸ਼ੂਸ਼ਕ ਕੋਲ ਉਸ ਨੇ ਜੀਪ ਡਰਾਈਵਰ ਮੁਲਾਜ਼ਮ ਨਾਲ ਹੱਥੋਪਾਈ ਕਰ ਕੇ ਜੀਪ ਦਾ ਸਟੇਅਰਿੰਗ ਘੁਮਾ ਦਿੱਤਾ, ਜਿਸ ਕਾਰਨ ਜੀਪ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ ਅਤੇ ਜੀਪਅਤੇ ਬੱਸ ਦੋਵੇਂ ਪਲਟ ਗਈਆਂ।
ਇਸ ਦੌਰਾਨ ਜਿੱਥੇ ਦਰਜਨਾਂ ਸਵਾਰੀਆਂ ਜ਼ਖ਼ਮੀ ਹੋ ਗਈਆਂ, ਉਥੇ ਹੀ ਪੁਲਿਸ ਮੁਲਾਜ਼ਮ ਬਲਰਾਜ ਸਿੰਘ, ਲੱਖਾ ਸਿੰਘ, ਗੁਰਜੀਤ ਸਿੰਘ ਅਤੇ ਸੱਤਪਾਲ ਸਿੰਘ ਵੀ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਬੱਸ ਵਿਚ ਸਵਾਰ ਮੁਕੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਜੰਮੂ, ਪ੍ਰਵੀਨ ਪੁੱਤਰ ਚਰਨਦਾਸ ਵਾਸੀ ਜੰਮੂ, ਭੋਲੀ ਪਤਨੀ ਤਰਸੇਮ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ, ਮੁਨੀਸ਼ ਪੁੱਤਰ ਹਾਰਫ ਵਾਸੀ ਫਿ਼ਰੋਜ਼ਪੁਰ, ਗੀਤਾ ਪਤਨੀ ਬੱਗਾ ਸਿੰਘ ਵਾਸੀ ਕੁੱਲਗੜ੍ਹੀ, ਜਸਵਿੰਦਰ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਖੋਸਾ ਦਲ ਸਿੰਘ, ਵਿੱਦਿਆ, ਅਮਰਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਨਸੀਰੇਵਾਲਾ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ। ਦੱਸ ਦਈਏ ਕਿ ਸਮੁੱਚੇ ਘਟਨਾਕ੍ਰਮ ਦੌਰਾਨ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਮੁਸ਼ਤੈਦੀ ਨਾਲ ਕਾਬੂ ਕਰੀਂ ਰੱਖਿਆ ਅਤੇ ਉਹ ਭੱਜਣ ਵਿਚ ਕਾਮਯਾਬ ਨਹੀਂ ਹੋ ਸਕਿਆ।