ਕਰਜ਼ੇ ਕਾਰਨ ਤਿੰਨ ਕਿਸਾਨਾਂ ਦੀ ਜਾਨ ਗਈ
ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਪੰਡ ਦਿਨੋਂ-ਦਿਨ ਕਿਰਸਾਨੀ ਨੂੰ ਨਿਘਰਦੀ ਜਾ ਰਹੀ ਹੈ। ਆਏ ਦਿਨ ਕਿਸਾਨ ਕਰਜ਼ੇ ਤੋਂ ਤੰਗ ਹੋ ਕੇ ਖ਼ੁਦਕਸ਼ੀਆਂ ਕਰ ਰਹੇ ਹਨ।
ਬਠਿੰਡਾ, 14 ਅਗੱਸਤ (ਸੁਖਜਿੰਦਰ ਮਾਨ) : ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਪੰਡ ਦਿਨੋਂ-ਦਿਨ ਕਿਰਸਾਨੀ ਨੂੰ ਨਿਘਰਦੀ ਜਾ ਰਹੀ ਹੈ। ਆਏ ਦਿਨ ਕਿਸਾਨ ਕਰਜ਼ੇ ਤੋਂ ਤੰਗ ਹੋ ਕੇ ਖ਼ੁਦਕਸ਼ੀਆਂ ਕਰ ਰਹੇ ਹਨ। ਇਸੇ ਸਿਲਸਿਲੇ 'ਚ ਵੱਖ-ਵੱਖ ਥਾਵਾਂ 'ਤੇ ਤਿੰਨ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ।
ਪਹਿਲੀ ਘਟਨਾ ਤਹਿਤ ਨਜ਼ਦੀਕੀ ਪਿੰਡ ਕੋਟਭਾਰਾ ਵਿਚ ਕਰਜ਼ੇ ਨੇ ਇਕ ਹੋਰ ਕਿਸਾਨ ਦੀ ਜਾਨ ਲੈ ਲਈ। ਇਕ ਮਹੀਨੇ ਦੇ ਅੰਦਰ ਹੀ ਇਸੇ ਇਕੋ ਪਿੰਡ ਵਿਚ ਦੋ ਕਿਸਾਨਾਂ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ।
ਪੀੜ੍ਹਤ ਪਰਵਾਰ ਨੇ ਦਸਿਆ ਕਿ 40 ਸਾਲਾ ਕਿਸਾਨ ਜਗਦੇਵ ਸਿੰਘ ਉਰਫ਼ ਜਨਕ ਕਰਜ਼ੇ ਕਾਰਨ ਪ੍ਰੇਸਾਨ ਹੋਣ 'ਤੇ ਤਿੰਨ ਦਿਨ ਪਹਿਲਾਂ ਘਰੋਂ ਗਾਇਬ ਹੋ ਗਿਆ ਸੀ। ਉਸ ਦੀ ਲਾਸ਼ ਰਾਜਸਥਾਨ ਵਿਚੋਂ ਹਨੂੰਮਾਨਗੜ੍ਹ ਕੋਲੋ ਨਹਿਰ ਵਿਚੋਂ ਬੀਤੀ ਸ਼ਾਮ ਬਰਾਮਦ ਕਰ ਲਈ। ਮ੍ਰਿਤਕ ਕਿਸਾਨ ਦੇ ਭਰਾ ਮਿਲਖਾ ਸਿੰਘ ਨੇ ਦਸਿਆ ਕਿ ਤਿੰਨ ਏਕੜ ਜ਼ਮੀਨ ਦੇ ਮਾਲਕ ਜਗਦੇਵ ਸਿੰਘ ਦੇ ਸਿਰ ਤਿੰਨ ਲੱਖ ਬੈਂਕ ਦੀ ਲਿਮਟ ਦਾ ਅਤੇ 5 ਲੱਖ ਗ਼ੈਰ-ਸਰਕਾਰੀ ਕਰਜ਼ਾ ਸੀ, ਪਰ ਫ਼ਸਲ ਵਿਚ ਲਗਾਤਾਰ ਭਾਰੀ ਘਾਟਾ ਪੈਂਦਾ ਰਿਹਾ।
ਮ੍ਰਿਤਕ ਕਿਸਾਨ ਦੀ ਇਕ ਬੇਟੀ ਤੇ ਬੇਟਾ ਵਿਆਹੁਣ ਯੋਗ ਹੋਣ ਕਰ ਕੇ ਉਹ ਅਕਸਰ ਚਿੰਤਾ ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕਰਜ਼ੇ ਦੇ ਵਧਦੇ ਜਾਲ ਤੋਂ ਤੰਗ ਆ ਕੇ ਉਸ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਅਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਤੋਂ ਇਲਾਵਾ ਪਤਨੀ, ਬੇਟੀ ਤੇ ਬੇਟੇ ਨੂੰ ਛੱਡ ਗਿਆ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪੀੜਤ ਪਰਵਾਰ ਨੂੰ ਯੋਗ ਮੁਆਵਜ਼ਾ ਅਤੇ ਕਰਜ਼ੇ 'ਤੇ ਲੀਕ ਮਾਰਨ ਦੀ ਮੰਗ ਕੀਤੀ।
ਨਿਹਾਲ ਸਿੰਘ ਵਾਲਾ (ਹਰਦੀਪ ਧੰਮੀ ਨੰਗਲ) : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਇਕ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕਸ਼ੀ ਕਰ ਲਈ। ਪੁਲਿਸ ਸੂਤਰਾਂ ਅਨੁਸਾਰ ਮ੍ਰਿਤਕ ਕਿਸਾਨ ਰੂਪ ਸਿੰਘ (62) ਪੁੱਤਰ ਸਰਦਾਰਾ ਸਿੰਘ ਵਾਸੀ ਧੂੜਕੋਟ ਰਣਸੀਂਹ ਦੇ ਸਕੇ ਭਰਾ ਨੰਬਰਦਾਰ ਅਮਰ ਸਿੰਘ ਵਲੋਂ ਦਿਤੇ ਬਿਆਨਾਂ ਅਨੁਸਾਰ ਉਸ ਦਾ ਭਰਾ ਖੇਤੀ ਕਰਨ ਦੇ ਨਾਲ–ਨਾਲ ਟਰੱਕ ਡਰਾਇਵਰੀ ਵੀ ਕਰਦਾ ਸੀ। ਉਹ ਪਿਛਲੇ ਕਾਫ਼ੀ ਸਮੇ ਤੋਂ ਕਰਜ਼ੇ ਦੀ ਮਾਰ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਰ ਕੇ ਰੂਪ ਸਿੰਘ ਨੇ ਘਰ 'ਚ ਪਈ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ, ਜਿਥੇ ਉਸ ਨੇ ਦਮ ਤੋੜ ਦਿਤਾ। ਰੂਪ ਸਿੰਘ ਦੀ ਇਕ ਏਕੜ ਜ਼ਮੀਨ ਹੈ (ਬਾਕੀ ਸਫ਼ਾ 13 'ਤੇ)
ਅਤੇ ਬਾਕੀ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਪਿਛਲੇ ਕਾਫ਼ੀ ਸਮੇਂ ਤੋਂ ਖੇਤੀ ਵਿਚ ਲਗਾਤਾਰ ਘਾਟਾ ਪੈ ਰਿਹਾ ਸੀ ਅਤੇ ਉਸ ਦੇ ਸਿਰ ਦੋ ਲੱਖ ਰੁਪਏ ਓ.ਬੀ.ਸੀ. ਬੈਂਕ ਦਾ, ਦੋ ਲੱਖ ਰੁਪਏ ਆੜ੍ਹਤੀਏ ਦਾ ਅਤੇ ਤਿੰਨ ਲੱਖ ਰੁਪਏ ਪਿੰਡ ਵਿਚੋਂ ਨਿੱਜੀ ਤੌਰ 'ਤੇ ਫੜਿਆ ਹੋਇਆ ਸੀ।
ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਫੈਲੀ ਸਿੰਘ ਅਤੇ ਹੌਲਦਾਰ ਰਜਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿਤਾ।
ਅਬੋਹਰ (ਤੇਜਿੰਦਰ ਸਿੰਘ ਖ਼ਾਲਸਾ) : ਪਿੰਡ ਰਾਮਸਰਾ ਵਾਸੀ ਇਕ ਬਜ਼ੁਰਗ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਸਲਫ਼ਾਸ ਨਿਗਲ ਲਈ, ਜਿਸ ਉਪਰੰਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਅੱਜ ਪੁਲਿਸ ਨੇ ਪਰਵਾਰ ਦੇ ਹਵਾਲੇ ਕਰ ਦਿਤਾ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਰਾਮਸਰਾ ਵਾਸੀ ਭੂਪ ਰਾਮ ਸਾਹੂ (60) ਪੁੱਤਰ ਹਜਾਰੀ ਰਾਮ ਦੇ ਲੜਕੇ ਵਿਜੈ ਪਾਲ ਨੇ ਦਸਿਆ ਕਿ ਉਹ ਛੇ ਭੈਣਾਂ ਅਤੇ ਇਕ ਭਰਾ ਹਨ ਅਤੇ ਉਨ੍ਹਾਂ ਦੇ ਕੋਲ ਕਰੀਬ 6 ਏਕੜ ਨਰਮੇ ਦੀ ਫ਼ਸਲ ਅਤੇ ਬਾਗ਼ ਹੈ। ਸੇਮ ਪ੍ਰਭਾਵਤ ਹੋਣ ਦੇ ਕਾਰਨ ਆਏ ਸਾਲ ਉਨ੍ਹਾਂ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ, ਜਿਸ ਦੇ ਚਲਦੇ ਉਸ ਦੇ ਪਿਤਾ 'ਤੇ ਬੈਂਕ ਦਾ ਲੱਖਾਂ ਰੁਪਏ ਦਾ ਕਰਜ਼ਾ ਸੀ, ਜਿਸ ਤਹਿਤ ਉਹ ਮਾਨਸਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸਨ। ਵਿਜੈ ਨੇ ਦਸਿਆ ਕਿ ਬੀਤੀ ਦੁਪਹਿਰ ਜਦ ਉਹ ਘਰ 'ਚ ਸੁੱਤੇ ਹੋਏ ਸਨ ਤਾਂ ਉਸ ਦੇ ਪਿਤਾ ਭੂਪ ਰਾਮ ਅਚਾਨਕ ਖੇਤ ਚਲੇ ਗਏ ਅਤੇ ਉਥੇ ਜਾ ਕੇ ਸਲਫ਼ਾਸ ਨਿਗਲ ਲਈ। ਇਸ ਗੱਲ ਦਾ ਪਤਾ ਚਲਦਿਆਂ ਹੀ ਭੂਪ ਰਾਮ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਫ਼ਰੀਦਕੋਟ ਰੈਫਰ ਕਰ ਦਿਤਾ। ਰਸਤੇ 'ਚ ਮੁਕਤਸਰ ਦੇ ਨੇੜੇ ਉਨ੍ਹਾਂ ਦੇ ਪਿਤਾ ਨੇ ਦਮ ਤੋੜ ਦਿਤਾ। ਥਾਣਾ ਬਹਾਵਵਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ 'ਚ ਰਖਵਾਇਆ ਅਤੇ ਵਿਜੈ ਪਾਲ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਵਾਰ ਦੇ ਹਵਾਲੇ ਕਰ ਦਿਤੀ।